ਭਾਰਤ ਵਿਚ ਹੁਨਰਮੰਦਾਂ ਨੂੰ ਖੁੱਡੇ ਲਾਇਆ ਜਾ ਰਿਹੈ: ਰਾਹੁਲ ਗਾਂਧੀ
* ਟੈਕਸਸ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕੀਤਾ ਦਾਅਵਾ
* ਵੋਕੇਸ਼ਨਲ ਸਿਖਲਾਈ ਤੇ ਉਤਪਾਦਨ ’ਤੇ ਧਿਆਨ ਕੇਂਦਰਤ ਕਰਨ ’ਤੇ ਜ਼ੋਰ ਦਿੱਤਾ
ਵਾਸ਼ਿੰਗਟਨ, 9 ਸਤੰਬਰ
ਅਮਰੀਕਾ ਦੌਰੇ ’ਤੇ ਗਏ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਲੱਖਾਂ ਹੁਨਰਮੰਦ ਲੋਕਾਂ ਨੂੰ ਖੁੱਡੇ ਲਾਇਆ ਜਾ ਰਿਹਾ ਹੈ। ਡਲਾਸ ਟੈਕਸਸ ਪੁੱਜੇ ਗਾਂਧੀ ਨੇ ਮਹਾਭਾਰਤ ’ਚੋਂ ਏਕਲਵਿਆ ਦਾ ਹਵਾਲਾ ਦਿੱਤਾ, ਜਿਸ ਨੂੰ ਆਪਣੇ ਗੁਰੂ (ਦਰੋਣਾਚਾਰੀਆ) ਦੇ ਕਹਿਣ ’ਤੇ ਆਪਣਾ ਅੰਗੂਠਾ ਕੱਟਣਾ ਪਿਆ ਸੀ। ਡਲਾਸ ਦੀ ਯੂਨੀਵਰਸਿਟੀ ਆਫ਼ ਟੈਕਸਸ ਵਿਚ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਗਾਂਧੀ, ਜੋ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਨ, ਨੇ ਕਿਹਾ ਕਿ ਭਾਰਤ ਵਿਚ ਹੁਨਰ ਦੀ ਕੋਈ ਕਮੀ ਨਹੀਂ ਹੈ, ਇਥੇ ਹੁਨਰ ਦੇ ਸਤਿਕਾਰ ਦੀ ਘਾਟ ਹੈ।
ਕਾਂਗਰਸ ਨੇ ਆਪਣੇ ਅਧਿਕਾਰਤ ਐਕਸ ਖਾਤੇ ’ਤੇ ਗਾਂਧੀ ਦੇ ਹਵਾਲੇ ਨਾਲ ਕਿਹਾ, ‘ਕੀ ਏਕਲਵਿਆ ਦੀ ਕਹਾਣੀ ਸੁਣੀ ਹੈ? ਜੇ ਤੁਸੀਂ ਇਹ ਸਮਝਣਾ ਚਾਹੁੰਦੇ ਹੋ ਕਿ ਭਾਰਤ ਵਿਚ ਕੀ ਚੱਲ ਰਿਹਾ ਹੈ ਤਾਂ ਤੁਹਾਨੂੰ ਇਥੇ ਰੋਜ਼ਾਨਾ ਲੱਖਾਂ ਏਕਲਵਿਆ ਦੀਆਂ ਕਹਾਣੀਆਂ ਮਿਲਣਗੀਆਂ, ਜਿਨ੍ਹਾਂ ਲੋਕਾਂ ਕੋਲ ਹੁਨਰ ਹੈ ਉਨ੍ਹਾਂ ਨੂੰ ਖੁੱਡੇ ਲਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਪ੍ਰਫੁੱਲਤ ਹੋਣ ਜਾਂ ਤਰੱਕੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਤੇ ਇਹ ਸਭ ਪਾਸੇ ਹੋ ਰਿਹਾ ਹੈ। ਕਈ ਲੋਕ ਕਹਿੰਦੇ ਹਨ ਕਿ ਭਾਰਤ ਨੂੰ ਹੁਨਰ ਦੀ ਮੁਸ਼ਕਲ ਹੈ। ਮੈਨੂੰ ਨਹੀਂ ਲੱਗਦਾ ਕਿ ਭਾਰਤ ਨੂੰ ਹੁਨਰ ਦੀ ਕੋਈ ਦਿੱਕਤ ਹੈ। ਮੇਰਾ ਮੰਨਣਾ ਹੈ ਕਿ...ਭਾਰਤ ਵਿਚ ਹੁਨਰਮੰਦ ਲੋਕਾਂ ਦਾ ਸਤਿਕਾਰ ਨਹੀਂ ਹੁੰਦਾ। ਤੁਸੀਂ ਆਬਾਦੀ ਦੇ ਮਹਿਜ਼ 1-2 ਫੀਸਦ ਨੂੰ ਸਮਰਥ ਬਣਾ ਕੇ ਭਾਰਤ ਦੀ ਤਾਕਤ ਨੂੰ ਨਹੀਂ ਉਭਾਰ ਸਕਦੇ।’
ਗਾਂਧੀ, ਜੋ ਇਸ ਵੇਲੇ ਅਮਰੀਕਾ ਦੇ ਚਾਰ ਰੋਜ਼ਾ ਅਣਅਧਿਕਾਰਤ ਦੌਰੇ ’ਤੇ ਹਨ, ਆਪਣੀ ਇਸ ਫੇਰੀ ਦੌਰਾਨ ਡਲਾਸ, ਟੈਕਸਸ ਤੇ ਵਾਸ਼ਿੰਗਟਨ ਡੀਸੀ ਵਿਚ ਠਹਿਰਾਅ ਦੌਰਾਨ ਭਾਰਤੀ ਪਰਵਾਸੀ ਭਾਈਚਾਰੇ ਤੇ ਨੌਜਵਾਨਾਂ ਦੇ ਰੂਬਰੂ ਹੋਣਗੇ। ਇਸ ਦੌਰਾਨ ਉਨ੍ਹਾਂ ਦੇ ਅਮਰੀਕੀ ਸੰਸਦ ਮੈਂਬਰਾਂ ਤੇ ਅਮਰੀਕੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲਣ ਦੀ ਵੀ ਯੋਜਨਾ ਹੈ। ਰਾਹੁਲ ਗਾਂਧੀ ਅੱਜ ਵਾਸ਼ਿੰਗਟਨ ਡੀਸੀ ਵੀ ਜਾਣਗੇ। ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ, ਅਮਰੀਕਾ ਤੇ ਪੱਛਮ ਦੇ ਹੋਰ ਦੇਸ਼ਾਂ ਨੂੰ ਬੇਰੁਜ਼ਗਾਰੀ ਦੀ ਸਮੱਸਿਆ ਦਰਪੇਸ਼ ਹੈ ਜਦੋਂ ਕਿ ਚੀਨ ਨੂੰ ਅਜਿਹੀ ਕੋਈ ਮੁਸ਼ਕਲ ਨਹੀਂ ਹੈ ਕਿਉਂਕਿ ਆਲਮੀ ਉਤਪਾਦਨ ਵਿਚ ਉਸ ਦਾ ਦਬਦਬਾ ਹੈ। ਗਾਂਧੀ ਨੇ ਭਾਰਤ ਵਿਚ ਉਤਪਾਦਨ ’ਤੇ ਧਿਆਨ ਕੇਂਦਰਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਵੋਕੇਸ਼ਨਲ ਸਿਖਲਾਈ ਨੂੰ ਹੱਲਾਸ਼ੇਰੀ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਗਾਂਧੀ ਸ਼ਨਿੱਚਰਵਾਰ ਰਾਤ ਨੂੰ ਡਲਾਸ ਪੁੱਜੇ ਸਨ, ਜਿੱਥੇ ਸੀਨੀਅਰ ਕਾਂਗਰਸ ਆਗੂ ਸੈਮ ਪਿਤਰੋਦਾ ਤੇ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮੋਹਿੰਦਰ ਗਿਲਜ਼ੀਆਂ ਦੀ ਅਗਵਾਈ ਵਿਚ ਭਾਰਤੀ ਅਮਰੀਕੀ ਭਾਈਚਾਰੇ ਦੇ ਦਰਜਨਾਂ ਮੈਂਬਰਾਂ ਨੇ ਗਾਂਧੀ ਦਾ ਸਵਾਗਤ ਕੀਤਾ।ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਲੋਕਾਂ ਦੀ ਆਵਾਜ਼ ਹੁੰਦੀ ਹੈ ਤੇ ਇਸ ਦਾ ਮੁੱਖ ਕੰਮ ਲੋਕਾਂ ਨਾਲ ਜੁੜੇ ਮਸਲਿਆਂ ਨੂੰ ‘ਸੁਚੇਤ’ ਤੇ ‘ਸੰਵੇਦਨਸ਼ੀਲਤਾ’ ਨਾਲ ਸਮਝਣ ਮਗਰੋਂ ਅੱਗੇ ਰੱਖਣਾ ਹੈ। -ਪੀਟੀਆਈ
ਰਾਹੁਲ ਗਾਂਧੀ ਭਾਰਤੀ ਜਮਹੂਰੀਅਤ ’ਤੇ ਕਾਲਾ ਧੱਬਾ: ਭਾਜਪਾ
ਨਵੀਂ ਦਿੱਲੀ:
ਭਾਜਪਾ ਨੇ ਅਮਰੀਕਾ ਵਿਚ ਕੀਤੀਆਂ ਸੱਜਰੀਆਂ ਟਿੱਪਣੀਆਂ ਲਈ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਜਮਹੂਰੀਅਤ ’ਤੇ ‘ਕਾਲਾ ਧੱਬਾ’ ਕਰਾਰ ਦਿੱਤਾ ਹੈ। ਭਾਜਪਾ ਦੇ ਕੌਮੀ ਤਰਜਮਾਨ ਗੌਰਵ ਭਾਟੀਆ ਨੇ ਦੋਸ਼ ਲਾਇਆ ਕਿ ਯੂਪੀਏ ਸਰਕਾਰ ਦੌਰਾਨ ਕਾਂਗਰਸ ਤੇ ਚੀਨ ਦੀ ਕਮਿਊਨਿਸਟ ਪਾਰਟੀ ਦਰਮਿਆਨ ਹੋਏ ਕਥਿਤ ਸਮਝੌਤੇ ਤਹਿਤ ਗਾਂਧੀ ਵੱਲੋਂ ਵਿਦੇਸ਼ ਵਿਚ ਉਪਰੋਕਤ ਟਿੱਪਣੀਆਂ ਨਾਲ ਭਾਰਤੀ ਜਮਹੂਰੀਅਤ ਨੂੰ ਕਮਜ਼ੋਰ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ
ਰਾਹੁਲ ਗਾਂਧੀ ਪੱਪੂ ਨਹੀਂ ਹੈ: ਪਿਤਰੋਦਾ
ਵਾਸ਼ਿੰਗਟਨ:
ਸੀਨੀਅਰ ਕਾਂਗਰਸ ਆਗੂ ਸੈਮ ਪਿਤਰੋਦਾ ਨੇ ਕਿਹਾ ਕਿ ਵਿਰੋਧੀ ਧਿਰ ਦਾ ਆਗੂ ਰਾਹੁਲ ਗਾਂਧੀ ‘ਪੱਪੂ’ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕੀਤੇ ਜਾਂਦੇ ਪ੍ਰਚਾਰ ਦੇ ਉਲਟ ਰਾਹੁਲ ਗਾਂਧੀ ‘ਉੱਚ ਸਿੱਖਿਆ ਪ੍ਰਾਪਤ, ਬਹੁਤ ਪੜ੍ਹਿਆ ਲਿਖਿਆ ਤੇ ਰਣਨੀਤੀਕਾਰ’ ਹੈ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਪਿਤਰੋਦਾ ਨੇ ਉਪਰੋਕਤ ਟਿੱਪਣੀਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਡਲਾਸ ਵਿਚ ਟੈਕਸਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਰਸਮੀ ਜਾਣ-ਪਛਾਣ ਕਰਵਾਉਣ ਮੌਕੇ ਕੀਤੀਆਂ। -ਪੀਟੀਆਈ