ਬਸੰਤਗੜ੍ਹ ਮੁਕਾਬਲੇ ਵਿੱਚ ਸ਼ਾਮਲ ਛੇ ਅਤਿਵਾਦੀਆਂ ਦੇ ਸਕੈੱਚ ਜਾਰੀ
ਜੰਮੂ, 11 ਮਈ
ਜੰਮੂ ਕਸ਼ਮੀਰ ਪੁਲੀਸ ਨੇ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਇਲਾਕੇ ਵਿੱਚ ਹੋਏ ਮੁਕਾਬਲੇ ’ਚ ਸ਼ਾਮਲ ਛੇ ਅਤਿਵਾਦੀਆਂ ਦੇ ਸਕੈੱਚ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ, ਇਨ੍ਹਾਂ ਅਤਿਵਾਦੀਆਂ ਨੇ ਪਾਕਿਸਤਾਨ ਤੋਂ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਇਲਾਕੇ ਵਿੱਚ ਘੁਸਪੈਠ ਕੀਤੀ ਅਤੇ ਸੰਘਣੇ ਜੰਗਲਾਂ ਵਿੱਚ ਭੱਜਣ ਤੋਂ ਪਹਿਲਾਂ ਹੋਈ ਗੋਲੀਬਾਰੀ ਵਿੱਚ ਇਕ ਪਿੰਡ ਦੇ ਰੱਖਿਆ ਗਾਰਡ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਊਧਮਪੁਰ ਦੇ ਐੱਸਐੱਸਪੀ ਜੋਗਿੰਦਰ ਸਿੰਘ ਨੇ ਅਤਿਵਾਦੀਆਂ ਦੇ ਇਕ ਸਹਿਯੋਗੀ ਦੀ ਗ੍ਰਿਫ਼ਤਾਰੀ ਦੇ ਨਾਲ ਇਸ ਮਾਮਲੇ ਵਿੱਚ ਪਹਿਲੀ ਸਫ਼ਲਤਾ ਮਿਲਣ ਦਾ ਐਲਾਨ ਕੀਤਾ ਹੈ। ਅਤਿਵਾਦੀਆਂ ਦੇ ਇਸ ਸਹਿਯੋਗੀ ਨੇ ਸਰਹੱਦ ਪਾਰ ਤੋਂ ਘੁਸਪੈਠ ਮਗਰੋਂ ਅਤਿਵਾਦੀਆਂ ਦੀ ਇਲਾਕੇ ਤੱਕ ਪਹੁੰਚਣ ਵਿੱਚ ਮਦਦ ਕੀਤੀ ਸੀ। ਐੱਸਐੱਸਪੀ ਨੇ ਕਿਹਾ ਕਿ ਛੇ ਅਤਿਵਾਦੀਆਂ ਦੇ ਸਕੈੱਚ ਵੱਖ-ਵੱਖ ਸੁਰੱਖਿਆ ਏਜੰਸੀਆਂ, ਜਨਤਾ ਅਤੇ ਸ਼ੱਕੀ ਵਿਅਕਤੀਆਂ ਕੋਲੋਂ ਕੀਤੀ ਗਈ ਪੁੱਛ-ਪੜਤਾਲ ਦੇ ਆਧਾਰ ’ਤੇ ਤਿਆਰ ਕੀਤੇ ਗਏ ਹਨ। ਉਨ੍ਹਾਂ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਸਾਨੂੰ ਆਸ ਹੈ ਕਿ ਲੋਕ ਨੇੜੇ ਆਉਣਗੇ ਅਤੇ ਅਤਿਵਾਦੀਆਂ ਨੂੰ ਖ਼ਤਮ ਕਰਨ ਵਿੱਚ ਸੁਰੱਖਿਆ ਏਜੰਸੀਆਂ ਦੀ ਮਦਦ ਕਰਨਗੇ।’’ ਪਿੰਡ ਰੱਖਿਆ ਗਾਰਡ (ਵੀਡੀਜੀ) ਮੁਹੰਮਦ ਸ਼ਰੀਫ਼ 28 ਅਪਰੈਲ ਨੂੰ ਬਸੰਤਗੜ੍ਹ ਦੇ ਪਨਾਰਾ ਪਿੰਡ ਵਿੱਚ ਕੀਤੀ ਗਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਤੋਂ ਬਾਅਦ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ ਸੀ। ਇਸ ਦਰਮਿਆਨ ਸੰਘਣੇ ਜੰਗਲਾਂ ਵਿੱਚ ਛੁਪੇ ਹੋਏ ਅਤਿਵਾਦੀਆਂ ਨੂੰ ਬਾਹਰ ਕੱਢਣ ਵਾਸਤੇ ਇਲਾਕੇ ਵਿੱਚ ਵੱਡੀ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। -ਪੀਟੀਆਈ