ਚੀਨੀ ਡੋਰ ਕਾਰਨ ਛੇ ਸਾਲਾ ਲੜਕੇ ਦੀ ਮੌਤ
ਗਰਬਖ਼ਸ਼ਪੁਰੀ
ਤਰਨ ਤਾਰਨ, 14 ਜਨਵਰੀ
ਇੱਥੋਂ ਦੀ ਗੁਰੂ ਤੇਗ ਬਹਾਦੁਰ ਨਗਰ ਆਬਾਦੀ ਦੀ ਗਲੀ ਨੰਬਰ 8 ਦੇ ਛੇ ਸਾਲ ਦੇ ਲੜਕੇ ਦੀ ਚੀਨੀ ਡੋਰ ਨੇ ਜਾਨ ਲੈ ਗਈ। ਮ੍ਰਿਤਕ ਦੀ ਪਛਾਣ ਦਿਲਜਾਨ ਸਿੰਘ ਪੁੱਤਰ ਰਣਜੀਤ ਸਿੰਘ ਵਜੋਂ ਹੋਈ ਹੈ। ਉਹ ਅੱਜ ਦੁਪਹਿਰ ਵੇਲੇ ਆਪਣੇ ਘਰ ਦੀ ਛੱਤ ’ਤੇ ਵੱਡੀ ਭੈਣ ਪਰਨੀਤ ਕੌਰ ਅਤੇ ਦਾਦੀ ਨਾਲ ਅਸਮਾਨ ’ਤੇ ਪਤੰਗਬਾਜ਼ੀ ਦੇਖ ਰਿਹਾ ਸੀ ਤਾਂ ਇੰਨੇ ਨੂੰ ਉਨ੍ਹਾਂ ਦੇ ਕੋਠੇ ਤੋਂ ਕੋਈ ਕਟੀ ਪਤੰਗ ਦੀ ਡੋਰ ਆਈ। ਇਸ ਤੋਂ ਬਾਅਦ ਦਿਲਜਾਨ ਨੇ ਸੋਟੀ ਨਾਲ ਡੋਰ ਨੂੰ ਆਪਣੇ ਵੱਲ ਖਿੱਚਿਆ| ਜਿਵੇਂ ਹੀ ਉਸ ਨੇ ਡੋਰ ਨੂੰ ਹੱਥ ਲਗਾਇਆ ਤਾਂ ਉਨ੍ਹਾਂ ਦੇ ਘਰ ਦੇ ਕੋਠੇ ਦੇ ਨੇੜਿਓਂ ਲੰਘਦੀ ਹਾਈ ਵੋਲਟੇਜ ਦੀ ਕੇਬਲ ਨਾਲ ਲੱਗੀ ਡੋਰ ਵਿੱਚੋਂ ਦੀ ਲੰਘ ਕੇ ਕਰੰਟ ਦਿਲਜਾਨ ਨੂੰ ਲੱਗ ਗਿਆ| ਉਹ ਮੌਕੇ ’ਤੇ ਹੀ ਦਮ ਤੋੜ ਗਿਆ| ਦਿਲਜਾਨ ਸਿੰਘ ਦਾ ਮਾਮਾ ਗੁਰਮੀਤ ਸਿੰਘ ਉਸ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਦਿਲਜਾਨ ਦਾ ਪਿਤਾ ਭਾਰਤੀ ਫੌਜ ਵਿੱਚ ਦੇਸ਼ ਦੀ ਸਰਹੱਦ ’ਤੇ ਤਾਇਨਾਤ ਹੈ ਜਿਸ ਨੂੰ ਪਰਿਵਾਰ ਨੇ ਇਸ ਦੁਖਾਂਤ ਤੋਂ ਜਾਣੂੰ ਕਰਵਾ ਦਿੱਤਾ ਹੈ| ਲਛਮਣ ਸਿੰਘ, ਜਗਤਾਰ ਸਿੰਘ, ਭਾਰਤ ਭੂਸ਼ਣ ਸ਼ਰਮਾ ਨੇ ਕਿਹਾ ਕਿ ਉਹ ਬੀਤੇ ਦਹਾਕਿਆਂ ਤੋਂ ਚੋਣਾਂ ਦੌਰਾਨ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਅਬਾਦੀ ਦੇ ਘਰਾਂ ਦੇ ਉੱਤੋਂ ਦੀ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਦੀ ਮੰਗ ਕਰਦੇ ਆ ਰਹੇ ਹਨ ਪਰ ਅੱਜ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਿਸ ਦੀ ਭਾਰੀ ਕੀਮਤ ਉਨ੍ਹਾਂ ਨੂੰ ਅਦਾ ਕਰਨੀ ਪਈ ਹੈ|