ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਛੇ ਅਤਿਵਾਦੀ ਹਲਾਕ
ਸ੍ਰੀਨਗਰ/ਜੰਮੂ, 17 ਨਵੰਬਰ
ਜੰਮੂ ਕਸ਼ਮੀਰ ਦੇ ਕੁਲਗਾਮ ਤੇ ਰਾਜੌਰੀ ਜ਼ਿਲ੍ਹਿਆਂ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਛੇ ਅਤਿਵਾਦੀ ਮਾਰੇ ਗਏ ਹਨ। ਕੁਲਗਾਮ ਜ਼ਿਲ੍ਹੇ ’ਚ ਮਾਰੇ ਗਏ ਅਤਿਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹਨ। ਕੁਲਗਾਮ ਜ਼ਿਲ੍ਹੇ ’ਚ 18 ਘੰਟੇ ਤੱਕ ਚੱਲਿਆ ਮੁਕਾਬਲਾ ਖਤਮ ਹੋਣ ਮਗਰੋਂ ਕਸ਼ਮੀਰ ਜ਼ੋਨ ਦੀ ਪੁਲੀਸ ਦੇ ਆਈਜੀ ਵੀਕੇ ਬਿਰਦੀ ਨੇ ਦੱਸਿਆ, ‘ਮਾਰੇ ਗਏ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।’ ਉਨ੍ਹਾਂ ਦੱਸਿਆ ਕਿ ਡਰੋਨ ਦੀ ਫੁਟੇਜ ਰਾਹੀਂ ਅਤਿਵਾਦੀਆਂ ਦੀਆਂ ਲਾਸ਼ਾਂ ਦਾ ਪਤਾ ਲਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਇਲਾਕੇ ’ਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਨੇਹਾਮਾ ਪਿੰਡ ’ਚ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਨੇ ਸੁਰੱਖਿਆ ਕਰਮੀਆਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਜਿਸ ਘਰ ’ਚ ਅਤਿਵਾਦੀ ਲੁਕੇ ਹੋਏ ਸਨ, ਅੱਜ ਸਵੇਰੇ ਹੋਈ ਗੋਲੀਬਾਰੀ ’ਚ ਉਸ ਨੂੰ ਅੱਗ ਲੱਗ ਗਈ ਜਿਸ ਕਾਰਨ ਅਤਿਵਾਦੀਆਂ ਨੂੰ ਬਾਹਰ ਨਿਕਲਣਾ ਪਿਆ। ਅਤਿਵਾਦੀਆਂ ਦੀ ਪਛਾਣ ਸਮੀਰ ਅਹਿਮਦ ਸ਼ੇਖ (ਪੀਏਐਫਐਫ), ਯਾਸਿਰ ਬਿਲਾਲ ਭੱਟ, ਦਾਨਿਸ਼ ਅਹਿਮਦ ਠੋਕਰ, ਹੰਜ਼ੁੱਲ੍ਹਾ ਯਾਕੂਬ ਸ਼ਾਹ ਤੇ ਉਬੈਦ ਅਹਿਮਦ ਪੈਡਰ (ਸਾਰੇ ਟੀਆਰਐਫ) ਵਜੋਂ ਹੋਈ ਹੈ। ਪੀਏਐਫਐਫ ਦੇ ਟੀਆਰਐਫ ਲਸ਼ਕਰ ਦੀਆਂ ਸਹਾਇਕ ਜਥੇਬੰਦੀਆਂ ਹਨ।
ਉੱਧਰ ਰਾਜੌਰੀ ਜ਼ਿਲ੍ਹੇ ’ਚ ਅੱਜ ਹੋਏ ਇੱਕ ਹੋਰ ਮੁਕਾਬਲੇ ’ਚ ਇੱਕ ਅਤਿਵਾਦੀ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਬੁਢਲ ਤਹਿਸੀਲ ਦੇ ਗੁਲੇਰ-ਬਹਿਰੋਟੇ ਇਲਾਕੇ ’ਚ ਸੈਨਾ, ਪੁਲੀਸ ਤੇ ਸੀਆਰਪੀਐੱਫ ਦੀ ਇੱਕ ਸਾਂਝੀ ਟੀਮ ਨੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈ ਸੀ ਅਤੇ ਇਸੇ ਦੌਰਾਨ ਸਵੇਰੇ ਮੁਕਾਬਲਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ’ਚ ਸ਼ੱਕੀ ਗਤੀਵਿਧੀਆਂ ਬਾਰੇ ਸੂਚਨਾ ਮਿਲਣ ਮਗਰੋਂ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਇੱਕ ਅਤਿਵਾਦੀ ਮਾਰਿਆ ਗਿਆ ਹੈ। ਮੁਕਾਬਲਾ ਅਜੇ ਵੀ ਜਾਰੀ ਹੈ। ਇਸੇ ਦੌਰਾਨ ਕੰਟਰੋਲ ਰੇਖਾ ਨੇੜੇ ਸ਼ੱਕੀ ਗਤੀਵਿਧੀਆਂ ਦੀ ਖ਼ਬਰ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਗੁਰਸਿਆਨ ਤੇ ਭਾਟਾ ਦੂਰੀਆਂ ’ਚ ਤਲਾਸ਼ੀ ਮੁਹਿੰਮ ਵੀ ਚਲਾਈ। -ਪੀਟੀਆਈ