For the best experience, open
https://m.punjabitribuneonline.com
on your mobile browser.
Advertisement

ਸ਼ੰਭੂ ਬਾਰਡਰ ’ਤੇ ਸ਼ਾਰਟ ਸਰਕਟ ਕਾਰਨ ਕਿਸਾਨਾਂ ਦੇ ਛੇ ਤੰਬੂ ਤੇ ਟਰੈਕਟਰ ਸੜੇ

07:09 AM Apr 12, 2024 IST
ਸ਼ੰਭੂ ਬਾਰਡਰ ’ਤੇ ਸ਼ਾਰਟ ਸਰਕਟ ਕਾਰਨ ਕਿਸਾਨਾਂ ਦੇ ਛੇ ਤੰਬੂ ਤੇ ਟਰੈਕਟਰ ਸੜੇ
ਸ਼ੰਭੂ ਬਾਰਡਰ ’ਤੇ ਲੱਗੀ ਅੱਗ ਬੁਝਾਉਂਦੇ ਹੋਏ ਕਿਸਾਨ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ 11 ਅਪਰੈਲ
ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਅੱਜ ਅਚਾਨਕ ਹੀ ਅੱਗ ਲੱਗਣ ਕਾਰਨ ਕਿਸਾਨਾਂ ਦੇ ਛੇ ਤੰਬੂ ਸੜ ਗਏ ਅਤੇ ਅੱਗ ਦੀ ਲਪੇਟ ’ਚ ਆਉਣ ਕਾਰਨ ਇੱਕ ਟਰੈਕਟਰ ਤੇ ਇੱਕ ਟਰਾਲੀ ਵੀ ਸੜ ਗਏ। ਬਚਾਅ ਕਾਰਜਾਂ ’ਚ ਸਰਗਰਮ ਰਹੇ ਇੱਕ ਕਿਸਾਨ ਨੂੰ ਵੀ ਸੱਟ ਵੱਜ ਗਈ। ਘਟਨਾ ਸਥਾਨ ਤੋਂ ਕੁਝ ਹੀ ਫਾਸਲੇ ’ਤੇ ਕਈ ਹਫਤਿਆਂ ਤੋਂ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਵੀ ਖੜ੍ਹੀ ਸੀ ਪਰ ਉਹ ਮੌਕੇ ’ਤੇ ਸਟਾਰਟ ਹੀ ਨਾ ਹੋ ਸਕੀ ਅਤੇ ਮੋਰਚੇ ’ਚ ਹੀ ਦੂਜੇ ਪਾਸੇ ਮੌਜੂਦ ਫਾਇਰ ਬ੍ਰਿਗੇਡ ਦੀ ਇੱਕ ਹੋਰ ਗੱਡੀ ਨੇ ਆ ਕੇ ਅੱਗ ’ਤੇ ਕਾਬੂ ਪਾਇਆ। ਗਿਆ।
ਕਿਸਾਨ ਯੂਨੀਅਨ ਆਜ਼ਾਦ ਦੇ ਸੂੁਬਾਈ ਆਗੂ ਮਨਜੀਤ ਸਿੰਘ ਨਿਆਲ ਨੇ ਦੱਸਿਆ ਕਿ ਅੱਗ ਦੀ ਲਪੇਟ ’ਚ ਆਏ ਇਹ ਤੰਬੂ ਮੰਡੀ ਕਲਾਂ, ਭਗਤਾ ਭਾਈਕਾ, ਗੁਰੂਸਰ ਅਤੇ ਹਾਕਮ ਸਿੰਘ ਵਾਲਾ ਆਦਿ ਪਿੰਡਾਂ ਨਾਲ ਸਬੰਧਤ ਕਿਸਾਨਾਂ ਦੇ ਸਨ। ਅੱਗ ਲੱਗਣ ਦੀ ਇਹ ਘਟਨਾ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਵਾਪਰੀ ਹੈ। ਕਿਸਾਨ ਆਗੂ ਜਸਵਿੰਦਰ ਲੌਂਗੋਵਾਲ, ਮਨਜੀਤ ਘੁਮਾਣਾ ਅਤੇ ਗੁਰਧਿਆਨ ਸਿਓਣਾ ਦਾ ਕਹਿਣਾ ਸੀ ਕਿ ਉਹ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਦੋਵਾਂ ਹੀ ਬਾਰਡਰਾਂ ’ਤੇ ਕਿਸਾਨਾਂ ਲਈ ਬਿਜਲੀ ਅਤੇ ਪਾਣੀ ਸਮੇਤ ਸਾਫ਼-ਸਫ਼ਾਈ ਦੇ ਢੁੱਕਵੇਂ ਪ੍ਰਬੰਧ ਯਕੀਨੀ ਬਣਾਏ ਜਾਣ ਕਿਉਂਕਿ ਬਿਜਲੀ ਦੀ ਖਪਤ ਦੇ ਮੁਤਾਬਿਕ ਇੱਥੇ ਟਰਾਂਸਫਾਰਮਰਾਂ ਦੀ ਸਮਰੱਥਾ ਘੱਟ ਦੱਸੀ ਜਾ ਰਹੀ ਹੈ। ਇਸੇ ਕਾਰਨ ਕਿਸਾਨਾ ਨੇ 8 ਅਪਰੈਲ ਨੂੰ ਸ਼ੰਭੂ ਰੇਲਵੇ ਟਰੈਕ ’ਤੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਸੀ। ਉਂਜ ਇਹ ਧਰਨਾ ਹਰਿਆਣਾ ਸਰਕਾਰ ਵੱਲੋਂ ਪਿਛਲੇ ਦਿਨੀ ਗ੍ਰਿਫ਼ਤਾਰ ਕੀਤੇ ਗਏ ਵਾਟਰ ਕੈਨਨ ਮਾਹਿਰ ਨਵਦੀਪ ਸਿੰਘ ਜਲਵੇੜਾ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਕਿਸਾਨਾਂ ਦੀ ਰਿਹਾਈ ਯਕੀਨੀ ਬਣਾਉਣ ਲਈ ਵੀ ਦਿੱਤਾ ਜਾਣਾ ਸੀ। ਫਿਰ ਇਹ ਧਰਨਾ 10 ਅਪਰੈਲ ’ਤੇ ਪਾ ਦਿੱਤਾ ਗਿਆ। ਪੰਜਾਬ ਅਤੇ ਹਰਿਆਣਾ ਸਰਕਾਰ ਵੱਲੋਂ ਸਮਾਂ ਮੰਗਣ ’ਤੇ ਹੁਣ ਇਹ ਧਰਨਾ 17 ਅਪਰੈਲ ਨੂੰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਸਾਨਾਂ ਦੇ ਹੋਏ ਇਸ ਨੁਕਸਾਨ ਦੀ ਸਰਕਾਰ ਤੋਂ ਭਰਪਾਈ ਦੀ ਮੰਗ ਵੀ ਕੀਤੀ ਗਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×