ਹਾਥਰਸ ਭਗਦੜ ਮਾਮਲੇ ਵਿੱਚ ਛੇ ਸੇਵਾਦਾਰ ਗ੍ਰਿਫ਼ਤਾਰ
ਹਾਥਰਸ, 4 ਜੁਲਾਈ
ਹਾਥਰਸ ਭਗਦੜ ਮਾਮਲੇ ’ਚ ਯੂਪੀ ਪੁਲੀਸ ਨੇ ਧਾਰਮਿਕ ਸਮਾਗਮ ਦੀ ਪ੍ਰਬੰਧਕ ਕਮੇਟੀ ਦੀਆਂ ਦੋ ਔਰਤਾਂ ਸਮੇਤ ਛੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਮੁੱਖ ਮੁਲਜ਼ਮ ਸੇਵਾਦਾਰ ਦੇਵਪ੍ਰਕਾਸ਼ ਮਧੂਕਰ ਦੀ ਗ੍ਰਿਫ਼ਤਾਰੀ ਲਈ ਇਕ ਲੱਖ ਰੁਪਏ ਦਾ ਇਨਾਮ ਦਾ ਐਲਾਨ ਅਤੇ ਗ਼ੈਰ-ਜ਼ਮਾਨਤੀ ਵਾਰੰਟ ਛੇਤੀ ਜਾਰੀ ਕੀਤੇ ਜਾਣਗੇ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਰਾਮ ਲਡਾਇਤ (50), ਉਪੇਂਦਰ ਸਿੰਘ ਯਾਦਵ (62), ਮੇਘ ਸਿੰਘ (61), ਮੁਕੇਸ਼ ਕੁਮਾਰ (38), ਮੰਜੂ ਯਾਦਵ (30) ਅਤੇ ਮੰਜੂ ਦੇਵੀ (40) ਸ਼ਾਮਲ ਹਨ।
ਅਲੀਗੜ੍ਹ ਰੇਂਜ ਦੇ ਪੁਲੀਸ ਕਮਿਸ਼ਨਰ ਸ਼ਲਭ ਮਾਥੁਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜਾਂਚ ਦੌਰਾਨ ਜੇ ਲੋੜ ਪਈ ਤਾਂ ਪ੍ਰਚਾਰਕ ਸੂਰਜਪਾਲ, ਜਿਸ ਨੂੰ ਨਾਰਾਇਣ ਸਾਕਾਰ ਹਰੀ ਅਤੇ ਭੋਲੇ ਬਾਬਾ ਵਜੋਂ ਵੀ ਜਾਣਿਆ ਜਾਂਦਾ ਹੈ, ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ। ਹਾਥਰਸ ਦੇ ਫੂਲਰਾਈ ਪਿੰਡ ’ਚ ਮੰਗਲਵਾਰ ਨੂੰ ਭਗਦੜ ਕਾਰਨ 121 ਵਿਅਕਤੀਆ ਦੀ ਮੌਤ ਹੋ ਗਈ ਸੀ। ਸਿਕੰਦਰ ਰਾਓ ਪੁਲੀਸ ਥਾਣੇ ’ਚ ਦਰਜ ਐੱਫਆਈਆਰ ’ਚ ਸੂਰਜਪਾਲ ਦਾ ਨਾਮ ਨਹੀਂ ਹੈ। ਆਈਜੀ ਨੇ ਕਿਹਾ ਕਿ ਪੂਰੀ ਪੜਤਾਲ ਮਗਰੋਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਅਤੇ ਸੇਵਾਦਾਰ ਵਜੋਂ ਕੰਮ ਕਰ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਪ੍ਰਬੰਧਕਾਂ ਅਤੇ ਮੈਂਬਰਾਂ ਨੇ ਭੀੜ ਇਕੱਠੀ ਕੀਤੀ ਸੀ ਅਤੇ ਸਤਿਸੰਗ ਕਮੇਟੀ ’ਚ ਸਹਿਯੋਗ ਲਈ ਦਾਨ ਵੀ ਇਕੱਤਰ ਕੀਤਾ ਸੀ। ਉਧਰ ਪੁਲੀਸ ਨੇ ਭੋਲੇ ਬਾਬਾ ਦੇ ਮੈਨਪੁਰੀ ਸਥਿਤ ਆਸ਼ਰਮ ਦੀ ਤਲਾਸ਼ੀ ਲਈ ਪਰ ਉਥੇ ਉਹ ਨਹੀਂ ਮਿਲਿਆ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਉਥੇ ਸੁਰੱਖਿਆ ਪ੍ਰਬੰਧ ਦੇਖਣ ਲਈ ਗਏ ਸਨ। ਆਸ਼ਰਮ ਦੇ ਬਾਹਰ ਪਹਿਲਾਂ ਹੀ ਪੁਲੀਸ ਤਾਇਨਾਤ ਕਰ ਦਿੱਤੀ ਗਈ ਸੀ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਭਗਦੜ ’ਚ ਮਾਰੇ ਗਏ ਸਾਰੇ ਲੋਕਾਂ ਦੀ ਸ਼ਨਾਖ਼ਤ ਮਗਰੋਂ ਦੇਹਾਂ ਪਰਿਵਾਰਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। -ਪੀਟੀਆਈ
ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ: ਅਖਿਲੇਸ਼
ਰਾਹੁਲ ਗਾਂਧੀ ਹਾਥਰਸ ਦਾ ਕਰਨਗੇ ਦੌਰਾ
ਤਿਰੂਵਨੰਤਪੁਰਮ: ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਹਾਥਰਸ ਦਾ ਦੌਰਾ ਕਰਨਗੇ ਜਿਥੇ ਧਾਰਮਿਕ ਸਮਾਗਮ ਦੌਰਾਨ ਭਗਦੜ ਕਾਰਨ 121 ਵਿਅਕਤੀਆਂ ਦੀ ਮੌਤ ਹੋ ਗਈ ਸੀ। ਕਾਂਗਰਸ ਦੇ ਸੀਨੀਅਰ ਆਗੂ ਕੇਸੀ ਵੇਣੂਗੋਪਾਲ ਨੇ ਵੀਰਵਾਰ ਨੂੰ ਕਿਹਾ ਕਿ ਰਾਹੁਲ ਗਾਂਧੀ ਆਪਣੇ ਦੌਰੇ ਦੌਰਾਨ ਪੀੜਤ ਲੋਕਾਂ ਨਾਲ ਵੀ ਗੱਲਬਾਤ ਕਰਨਗੇ। ਉਨ੍ਹਾਂ ਹਾਦਸੇ ਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ। ਯੂਪੀ ਸਰਕਾਰ ਨੇ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਪੁਲੀਸ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੇਮਾਂ ਦੀ ਉਲੰਘਣਾ ਕਰਦਿਆਂ 80 ਹਜ਼ਾਰ ਦੀ ਥਾਂ ’ਤੇ ਢਾਈ ਲੱਖ ਤੋਂ ਜ਼ਿਆਦਾ ਲੋਕ ਇਕੱਠੇ ਹੋ ਗਏ ਸਨ। -ਪੀਟੀਆਈ