For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਦੇ ਛੇ ਗੇੜ ਮੁਕੰਮਲ: ਵੋਟਰਾਂ ਨੇ ਨਹੀਂ ਦਿਖਾਇਆ ਬਹੁਤਾ ਉਤਸ਼ਾਹ

11:24 PM May 25, 2024 IST
ਲੋਕ ਸਭਾ ਚੋਣਾਂ ਦੇ ਛੇ ਗੇੜ ਮੁਕੰਮਲ  ਵੋਟਰਾਂ ਨੇ ਨਹੀਂ ਦਿਖਾਇਆ ਬਹੁਤਾ ਉਤਸ਼ਾਹ
ਨਵੀਂ ਦਿੱਲੀ ਵਿੱਚ ਸ਼ਨਿਚਰਵਾਰ ਨੂੰ ਇਕ ਪੋਲਿੰਗ ਬੂਥ ਦੇ ਬਾਹਰ ਆਪਣੇ ਸ਼ਨਾਖਤੀ ਕਾਰਡ ਦਿਖਾਉਂਦੇ ਹੋਏ ਵੋਟ ਪਾਉਣ ਲਈ ਆਏ ਲੋਕ। -ਫੋਟੋ: ਮਾਨਸ ਰੰਜਨ ਭੂਈ
Advertisement

ਨਵੀਂ ਦਿੱਲੀ, 25 ਮਈ

Advertisement

ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਦੌਰਾਨ ਅੱਜ 58 ਹਲਕਿਆਂ ’ਚ 61.11 ਫ਼ੀਸਦ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਪੱਛਮੀ ਬੰਗਾਲ ਦੀਆਂ ਅੱਠ ਸੀਟਾਂ ’ਤੇ ਰਿਕਾਰਡ 79.4 ਫ਼ੀਸਦ ਵੋਟਿੰਗ ਹੋਈ ਪਰ ਹਿੰਸਾ ’ਚ ਦੋ ਵਿਅਕਤੀ ਮਾਰੇ ਗਏ। ਕਈ ਥਾਵਾਂ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਨੁਕਸ ਕਾਰਨ ਵੋਟਾਂ ਪੈਣ ਦੇ ਅਮਲ ’ਚ ਦੇਰੀ ਹੋਈ। ਅਤਿ ਦੀ ਗਰਮੀ ਪੈਣ ਕਾਰਨ ਲੋਕਾਂ ਦਾ ਮਤਦਾਨ ’ਚ ਉਤਸ਼ਾਹ ਠੰਢਾ ਹੀ ਰਿਹਾ। ਉਂਜ ਕਈ ਪੋਲਿੰਗ ਸਟੇਸ਼ਨਾਂ ’ਤੇ ਚੋਣ ਕਮਿਸ਼ਨ ਨੇ ਠੰਢੇ ਜਲ, ਕੂਲਰਾਂ, ਪੱਖਿਆਂ ਅਤੇ ਟੈਂਟਾਂ ਦਾ ਪ੍ਰਬੰਧ ਕੀਤਾ ਸੀ। ਹੁਣ ਤੱਕ 486 ਸੀਟਾਂ ’ਤੇ ਵੋਟਿੰਗ ਦਾ ਅਮਲ ਮੁਕੰਮਲ ਹੋ ਚੁੱਕਿਆ ਹੈ ਜਦਕਿ ਪੰਜਾਬ ਅਤੇ ਚੰਡੀਗੜ੍ਹ ਸਮੇਤ 57 ਸੀਟਾਂ ’ਤੇ ਆਖਰੀ ਅਤੇ ਸੱਤਵੇਂ ਗੇੜ ’ਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਉੜੀਸਾ ਵਿਧਾਨ ਸਭਾ ਦੀਆਂ 42 ਸੀਟਾਂ ’ਤੇ ਵੀ ਅੱਜ ਹੀ ਵੋਟਿੰਗ ਹੋਈ। ਦਿੱਲੀ ਦੀਆਂ ਸਾਰੀਆਂ ਸੱਤ ਅਤੇ ਹਰਿਆਣਾ ਦੀਆਂ 10 ਸੀਟਾਂ ’ਤੇ ਅੱਜ ਵੋਟਾਂ ਪਈਆਂ। ਛੇਵੇਂ ਗੇੜ ’ਚ ਬਿਹਾਰ ਦੀਆਂ ਅੱਠ, ਜੰਮੂ ਕਸ਼ਮੀਰ ਦੀ ਇਕ, ਝਾਰਖੰਡ ਦੀਆਂ ਚਾਰ, ਉੜੀਸਾ ਦੀਆਂ ਛੇ ਅਤੇ ਉੱਤਰ ਪ੍ਰਦੇਸ਼ ਦੀਆਂ 14 ਸੀਟਾਂ ’ਤੇ ਵੋਟਾਂ ਪਈਆਂ ਹਨ। ਝਾਰਖੰਡ ’ਚ 63.76, ਯੂਪੀ ’ਚ 54.03, ਬਿਹਾਰ ’ਚ 55.45, ਹਰਿਆਣਾ ’ਚ 65 ਅਤੇ ਦਿੱਲੀ ’ਚ 57.67 ਫ਼ੀਸਦ ਵੋਟਿੰਗ ਹੋਈ ਹੈ। ਜੰਮੂ ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ’ਤੇ ਰਿਕਾਰਡ 54.15 ਫ਼ੀਸਦ ਵੋਟਿੰਗ ਹੋਈ ਹੈ ਜੋ ਪਿਛਲੇ 35 ਸਾਲਾਂ ’ਚ ਸਭ ਤੋਂ ਵਧ ਮਤਦਾਨ ਹੈ। ਕੌਮੀ ਰਾਜਧਾਨੀ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਕੇਂਦਰੀ ਮੰਤਰੀਆਂ ਐੱਸ ਜੈਸ਼ੰਕਰ ਤੇ ਹਰਦੀਪ ਸਿੰਘ ਪੁਰੀ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਦੀ ਮੰਤਰੀ ਆਤਿਸ਼ੀ, ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਹੋਰਾਂ ਨੇ ਪਰਿਵਾਰ ਸਣੇ ਵੋਟਾਂ ਭੁਗਤਾਈਆਂ। -ਪੀਟੀਆਈ

Advertisement
Author Image

Advertisement
Advertisement
×