ਮਨੀ ਐਕਸਚੇਂਜਰ ਤੋਂ 22 ਲੱਖ ਲੁੱਟਣ ਵਾਲੇ ਛੇ ਲੁਟੇਰੇ ਕਾਬੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਮਾਰਚ
ਇੱਥੇ 15 ਕੁ ਦਿਨ ਪਹਿਲਾਂ ਮਨੀ ਐਕਸਚੇਂਜਰ ਜਸਦੀਪ ਸਿੰਘ ਦੇ ਸਿਰ ’ਚ ਸੱਟ ਮਾਰ ਕੇ ਉਸ ਤੋਂ 22 ਲੱਖ ਰੁਪਏ ਲੁੱਟਣ ਦੀ ਵਾਪਰੀ ਘਟਨਾ ਨੂੰ ਪੁਲੀਸ ਨੇ ਟਰੇਸ ਕਰ ਲਿਆ ਹੈ। ਪੁਲੀਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟ ਦੀ 20 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕਰ ਲਈ ਹੈ। ਇਹ ਜਾਣਕਾਰੀ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਐੱਸਐੱਸਪੀ ਵਰੁਣ ਸ਼ਰਮਾ ਨੇ ਦਿੱਤੀ।
ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਐੱਸਪੀ (ਸਿਟੀ) ਸਰਫਰਾਜ ਆਲਮ ,ਐੱਸਪੀ (ਡੀ) ਯੋਗੇਸ਼ ਸ਼ਰਮਾ, ਡੀਐੱਸਪੀ (ਡੀ) ਅਵਤਾਰ ਸਿੰਘ ਅਤੇ ਡੀਐੱਸਪੀ (ਸਿਟੀ ਟੂ) ਜੰਗਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਭਿੰਡਰ ਅਤੇ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਚਮਕੌਰ ਸਿੰਘ ਨੰਨੂ, ਸੁਪਿੰਦਰ ਸਿੱਪੀ, ਸ਼ਮਸ਼ਾਦ, ਅੰਕਿਤ ਗੁਗਲੀ, ਤਰੁਣ ਚੌਹਾਨ ਅਤੇ ਅਮਿਤ ਕੁਮਾਰ ਵਾਸੀਆਨ ਪਟਿਆਲਾ ਦੇ ਨਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 29 ਫਰਵਰੀ ਨੂੰ ਮਨੀ ਐਕਸਚੇਂਜਰ ਜਸਦੀਪ ਸਿੰਘ ਜਦੋਂ ਘਰ ਜਾ ਰਿਹਾ ਸੀ ਤਾਂ ਇਨ੍ਹਾਂ ਮੁਲਜ਼ਮਾਂ ਨੇ ਉਸ ਦੇ ਸਿਰ ਵਿੱਚ ਸੱਟ ਮਾਰ ਦਿੱਤੀ। ਇਸ ਦੌਰਾਨ ਉਹ ਡਿੱਗ ਪਿਆ ਤੇ ਮੁਲਜ਼ਮ ਉਸ ਦੀ ਐਕਟਿਵਾ ਲੈ ਕੇ ਫਰਾਰ ਹੋ ਗਏ, ਜਿਸ ਵਿੱਚ ਹੀ 22 ਲੱਖ ਦੀ ਨਗਦੀ ਸੀ। ਐੱਸਐੱਸਪੀ ਵਰੁਣ ਸ਼ਰਮਾ ਨੇ ਹੋਰ ਦੱਸਿਆ ਕਿ ਭਾਵੇਂ ਪੀੜਤ ਨੂੰ ਕਿਸੇ ’ਤੇ ਵੀ ਸ਼ੱਕ ਨਹੀਂ ਸੀ, ਪ੍ਰੰਤੂ ਫੇਰ ਵੀ ਪੁਲੀਸ ਮੁਲਜ਼ਮਾਂ ਤੱਕ ਜਾ ਅੱਪੜੀ ਅਤੇ ਲੁੱਟ ਦੀ ਇਸ ਵਾਰਦਾਤ ਵਿੱਚ ਸ਼ਾਮਿਲ ਰਹੇ ਸਾਰੇ ਛੇ ਜਣਿਆ ਨੂੰ ਦਬੋਚ ਲਿਆ ਗਿਆ। ਇਨ੍ਹਾਂ ਕੋਲ਼ੋਂ ਲੁੱਟ ਦੀ 22 ਲੱਖ ਵਿੱਚੋਂ 20 ਲੱਖ ਦੀ ਨਕਦੀ ਵੀ ਬਰਾਮਦ ਕਰ ਲਈ ਗਈ ਹੈ।
ਐੱਸਪੀ ਯੋਗੇਸ਼ ਸ਼ਰਮਾ ਅਨੁਸਾਰ ਵਾਰਦਾਤ ਦਾ ਮਾਸਟਰ ਮਾਈਂਡ ਤਰਨ ਚੌਹਾਨ ਸੀ, ਜੋ ਜਸਦੀਪ ਸਿੰਘ ਮਨੀ ਟਰਾਂਸਫਰ ਦੇ ਕੰਮ ਵਿੱਚ ਵੀ ਜੁੜਿਆ ਰਿਹਾ ਹੈ। ਜਸ਼ਦੀਪ ਸਿੰਘ ਬਾਰੇ ਪੂਰਾ ਭੇਤ ਰੱਖਣ ਦਾ ਹੀ ਫਾਇਦਾ ਉਠਾਉਂਦਿਆਂ ਉਸ ਨੇ ਲੁੱਟ ਦੀ ਸਾਜਿਸ਼ ਰਚੀ ਤੇ ਫੇਰ ਇਸ ਵਾਰਦਾਤ ਨੂੰ ਅੰਜ਼ਾਮ ਵੀ ਦਿੱਤਾ। ਇਹ ਉਨ੍ਹਾਂ ਦੀ ਬਦਕਿਸਮਤੀ ਰਹੀ ਕਿ ਪਟਿਆਲਾ ਪੁਲੀਸ ਇਸ ਮਾਮਲੇ ਨੂੰ ਟਰੇਸ ਕਰਨ ਤੱਕ ਹੱਥ ਧੋ ਕੇ ਪਿੱਛੇ ਪਈ ਰਹੀ।
ਤਫਤੀਸ਼ੀ ਅਫਸਰ ਇੰਸਪੈਕਟਰ ਗੁਰਪ੍ਰੀਤ ਭਿੰਡਰ ਨੇ ਦੱਸਿਆ ਕਿ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।