For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਕਾਂਗਰਸ ਦੇ ਛੇ ਬਾਗੀ ਵਿਧਾਇਕ ਉੱਤਰਾਖੰਡ ਪੁੱਜੇ

07:11 AM Mar 10, 2024 IST
ਹਿਮਾਚਲ ਕਾਂਗਰਸ ਦੇ ਛੇ ਬਾਗੀ ਵਿਧਾਇਕ ਉੱਤਰਾਖੰਡ ਪੁੱਜੇ
Advertisement

ਰਿਸ਼ੀਕੇਸ਼, 9 ਮਾਰਚ
ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਛੇ ਬਾਗੀ ਵਿਧਾਇਕ ਜਿਨ੍ਹਾਂ ਵੱਲੋਂ ਰਾਜ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਅਭਿਸ਼ੇਕ ਮਨੂੰ ਖ਼ਿਲਾਫ਼ ਵੋਟਾਂ ਪਾਈਆਂ ਗਈਆਂ ਸਨ, ਨੂੰ ਤਿੰਨ ਆਜ਼ਾਦ ਵਿਧਾਇਕਾਂ ਸਮੇਤ ਭਾਜਪਾ ਦੇ ਰਾਜ ਵਾਲੇ ਸੂਬੇ ਉੱਤਰਾਖੰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਖ਼ਿਲਾਫ਼ ਬਾਗੀ ਹੋ ਚੁੱਕੇ ਹਨ।
ਹਰਿਆਣਾ ਦੇ ਪੰਚਕੂਲਾ ਤੋਂ ਇਕ ਚਾਰਟਰਡ ਉਡਾਣ ਰਾਹੀਂ ਲੰਘੀ ਦੇਰ ਰਾਤ ਰਿਸ਼ੀਕੇਸ਼ ਪਹੁੰਚੇ ਇਨ੍ਹਾਂ ਵਿਧਾਇਕਾਂ ਨਾਲ ਹਿਮਾਚਲ ਪ੍ਰਦੇਸ਼ ਦੇ ਦੋ ਭਾਜਪਾ ਵਿਧਾਇਕ ਵਿਕਰਮ ਠਾਕੁਰ ਤੇ ਤ੍ਰਿਲੋਕ ਜਾਮਵਾਲ ਵੀ ਹਨ। ਇਨ੍ਹਾਂ ਵਿਧਾਇਕਾਂ ਨੇ ਇੱਥੋਂ ਦੇ ਇਕ ਹੋਟਲ ਵਿੱਚ ਠਹਿਰਾਅ ਕੀਤਾ ਹੈ। ਰਾਜ ਦੇ ਬਜਟ ਸਬੰਧੀ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਲਈ ਕਾਂਗਰਸੀ ਵਿਧਾਇਕਾਂ ਸੁਧੀਰ ਸ਼ਰਮਾ, ਰਾਜਿੰਦਰ ਰਾਣਾ, ਇੰਦਰ ਦੱਤ ਲਖਨਪਾਲ, ਦਵਿੰਦਰ ਕੁਮਾਰ ਭੁੱਟੂ, ਰਵਿੰਦਰ ਠਾਕੁਰ ਅਤੇ ਚੈਤੰਨਿਆ ਸ਼ਰਮਾ ਨੂੰ ਅਯੋਗ ਠਹਿਰਾਇਆ ਜਾ ਚੁੱਕਾ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਰਾਹਤ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਜਦੋਂ ਇਹ ਵਿਧਾਇਕ ਇੱਥੇ ਪਹੁੰਚੇ ਤਾਂ ਉਨ੍ਹਾਂ ਦੇ ਨਾਲ ਤਿੰਨ ਆਜ਼ਾਦ ਵਿਧਾਇਕ ਹੁਸ਼ਿਆਰ ਸਿੰਘ, ਕੇ.ਐੱਲ. ਠਾਕੁਰ ਅਤੇ ਆਸ਼ੀਸ਼ ਸ਼ਰਮਾ ਵੀ ਸਨ।
ਹਿਮਾਚਲ ਪ੍ਰਦੇਸ਼ ਵਿੱਚ ਇਸ ਵੇਲੇ ਕਾਂਗਰਸ ਕੋਲ 34 ਵਿਧਾਇਕ ਹਨ ਜਦਕਿ ਭਾਜਪਾ ਕੋਲ 25 ਵਿਧਾਇਕ ਹਨ। ਰਾਜ ਸਭਾ ਚੋਣਾਂ ਵਿੱਚ ਤਿੰਨ ਆਜ਼ਾਦ ਵਿਧਾਇਕ ਵੀ ਭਾਜਪਾ ਵੱਲ ਆ ਗਏ ਸਨ। ਹੋਟਲ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਜਿਨ੍ਹਾਂ ਕੋਲ ਐਡਵਾਂਸ ਆਨਲਾਈਨ ਬੁਕਿੰਗਾਂ ਹਨ, ਉਨ੍ਹਾਂ ਨੂੰ ਛੱਡ ਕੇ ਹੋਰ ਕਿਸੇ ਨੂੰ ਹੋਟਲ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਹ ਹੋਟਲ ਰਿਸ਼ੀਕੇਸ਼ ਤੋਂ ਕਰੀਬ 30 ਕਿਲੋਮੀਟਰ ਦੂਰ ਰਿਸ਼ੀਕੇਸ਼-ਬਦਰੀਨਾਥ ਸੜਕ ’ਤੇ ਸਥਿਤ ਹੈ।
ਉੱਧਰ, ਕਾਂਗਰਸ ਹਿਮਾਚਲ ਪ੍ਰਦੇਸ਼ ਵਿੱਚ ਆਪਣਾ ਕਬਜ਼ਾ ਬਹਾਲ ਰੱਖਣ ਲਈ ਪਹਿਲਾਂ ਹੀ ਕੋਸ਼ਿਸ਼ਾਂ ਆਰੰਭ ਚੁੱਕੀ ਹੈ ਅਤੇ ਸੂਬੇ ਦੇ ਸੀਨੀਅਰ ਮੰਤਰੀਆਂ ਨਾਲ ਵੀ ਗੱਲਬਾਤ ਕਰ ਰਹੀ ਹੈ। ਇਸੇ ਦੌਰਾਨ ਉੱਤਰ-ਪੂਰਬੀ ਖਿੱਤੇ ਦੇ ਵਿਕਾਸ ਸਬੰਧੀ ਕੇਂਦਰੀ ਰਾਜ ਮੰਤਰੀ ਬੀ.ਐੱਲ. ਵਰਮਾ ਨੇ ਹਰਿਦੁਆਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਜਲਦੀ ਹੀ ਡਿੱਗ ਜਾਵੇਗੀ। ਵਰਮਾ ਨੇ ਕਿਹਾ, ‘‘ਹਿਮਾਚਲ ਪ੍ਰਦੇਸ਼ ਵਿਚਲੀ ਸੁੱਖੂ ਸਰਕਾਰ ਅੰਦਰੂਨੀ ਵਿਵਾਦਾਂ ਨਾਲ ਜੂਝ ਰਹੀ ਹੈ। ਇਸ ਅੰਦਰੂਨੀ ਲੜਾਈ ਕਾਰਨ ਇਹ ਲੰਬਾ ਸਮਾਂ ਨਹੀਂ ਟਿਕੇਗੀ।’’ ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੀਆਂ ਕਾਰਵਾਈਆਂ ਨੇ ਉੱਤਰ ਪ੍ਰਦੇਸ਼ ’ਚੋਂ ਤਾਂ ਕਾਂਗਰਸ ਨੂੰ ਖ਼ਤਮ ਕਰ ਹੀ ਦਿੱਤਾ ਹੈ ਅਤੇ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਦੇਸ਼ ਭਰ ਵਿੱਚੋਂ ਇਸ ਦਾ ਸਫਾਇਆ ਹੋ ਜਾਵੇਗਾ। ਉਹ ਹਰਿਦੁਆਰ ਵਿੱਚ ਬਾਬਾ ਰਾਮਦੇਵ ਦੇ ਪਤੰਜਲੀ ਯੋਗਪੀਠ ਵਿੱਚ ਕਰਵਾਏ ਗਏ ‘ਸਹਿਕਾਰਤਾ ਸੰਮੇਲਨ’ ਵਿੱਚ ਸ਼ਾਮਲ ਹੋਣ ਲਈ ਆਏ ਸਨ। -ਪੀਟੀਆਈ

Advertisement

ਉਤਰਾਖੰਡ: ਮਨੀਸ਼ ਖੰਡੂਰੀ ਭਾਜਪਾ ’ਚ ਸ਼ਾਮਲ

ਦੇਹਰਾਦੂਨ: ਸੀਨੀਅਰ ਭਾਜਪਾ ਨੇਤਾ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭੂਵਨ ਚੰਦਰ ਖੰਡੂਰੀ ਦੇ ਬੇਟੇ ਮਨੀਸ਼ ਖੰਡੂਰੀ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮਨੀਸ਼ ਖੰਡੂਰੀ ਇੱਥੇ ਭਾਜਪਾ ਦਫ਼ਤਰ ’ਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਪਾਰਟੀ ਦੇ ਸੂਬਾ ਪ੍ਰਧਾਨ ਮਹੇਂਦਰ ਭੱਟ ਤੇ ਸੂਬਾ ਇੰਚਾਰਜ ਦੁਸ਼ਿਅੰਤ ਗੌਤਮ ਦੀ ਮੌਜੂਦਗੀ ਦੌਰਾਨ ਭਗਵਾ ਪਾਰਟੀ ’ਚ ਸ਼ਾਮਲ ਹੋਏ। ਭੱਟ ਨੇ ਆਖਿਆ, ‘‘ਅਸੀਂ ਮਨੀਸ਼ ਖੰਡੂਰੀ ਦਾ ਸਵਾਗਤ ਕਰਦੇ ਹਾਂ ਕਿਉਂਕਿ ਉਹ ਹੁਣ ਆਪਣੇ ਪਰਿਵਾਰ ’ਚ ਆਏ ਹਨ।’’ ਦੱਸਣਯੋਗ ਹੈ ਕਿ ਮਨੀਸ਼ ਖੰਡੂਰੀ ਦੀ ਵੱਡੀ ਭੈਣ ਰਿਤੂ ਖੰਡੂਰੀ ਉੱਤਰਾਖੰਡ ਵਿਧਾਨ ਸਭਾ ਦੀ ਸਪੀਕਰ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×