For the best experience, open
https://m.punjabitribuneonline.com
on your mobile browser.
Advertisement

ਸੁਚੇਤਕ ਰੰਗਮੰਚ ਦੇ ਸਿਲਵਰ ਜੁਬਲੀ ਪ੍ਰੋਗਰਾਮ ਵਿੱਚ ਛੇ ਨਾਟਕ ਪੇਸ਼

09:07 AM Sep 30, 2024 IST
ਸੁਚੇਤਕ ਰੰਗਮੰਚ ਦੇ ਸਿਲਵਰ ਜੁਬਲੀ ਪ੍ਰੋਗਰਾਮ ਵਿੱਚ ਛੇ ਨਾਟਕ ਪੇਸ਼
ਪ੍ਰੋਗਰਾਮ ਦੌਰਾਨ ਮੰਚ ’ਤੇ ਬੈਠੇ ਡਾ. ਕੁਲਦੀਪ ਸਿੰਘ ਦੀਪ, ਡਾ. ਸਵਰਾਜਬੀਰ, ਸ਼ਬਦੀਸ਼ ਤੇ ਹੋਰ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 29 ਸਤੰਬਰ
ਸੁਚੇਤਕ ਰੰਗਮੰਚ ਦੀ ਸਿਲਵਰ ਜੁਬਲੀ ਸਾਲ ਸਬੰਧੀ ਮਿਨੀ ਟੈਗੋਰ ਥੀਏਟਰ ਚੰਡੀਗੜ੍ਹ ਵਿੱਚ ‘25 ਸਾਲ-ਸਫ਼ਰ ਥਾ ਬਾ-ਕਮਾਲ’ ਪ੍ਰੋਗਰਾਮ ਕਰਵਾਇਆ ਗਿਆ। ਅਨੀਤਾ ਸਬਦੀਸ਼ ਦੀ ਨਿਰਦੇਸ਼ਨਾ ਹੇਠ ਚੱਲ ਰਹੇ ਰੰਗਮੰਚ ਦੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਲੇਖਕ ਤੇ ਨਾਟਕਕਾਰ ਡਾ. ਸਵਰਾਜਬੀਰ ਸਿੰਘ ਨੇ ਕੀਤੀ ਤੇ ਮੁੱਖ ਵਕਤਾ ਡਾ. ਕੁਲਦੀਪ ਸਿੰਘ ਦੀਪ ਸਨ। ਪ੍ਰੋਗਰਾਮ ਦਾ ਆਗਾਜ਼ ਸੁਚੇਤਕ ਰੰਗਮੰਚ ਵੱਲੋਂ ਕੀਤੇ ਗਏ ਛੇ ਨਾਟਕਾਂ ਦੀਆਂ ਝਲਕੀਆਂ ਪੇਸ਼ ਕਰਨ ਨਾਲ ਹੋਇਆ। ਸੁਚੇਤਕ ਰੰਗਮੰਚ ਨੇ ਆਪਣੇ 25 ਸਾਲਾਂ ਦੇ ਸਫ਼ਰ ਦੌਰਾਨ ਨਾਟਕਾਂ ਦੀਆਂ ਚੋਣਵੀਆਂ ਝਲਕੀਆਂ ਪੇਸ਼ ਕੀਤੀਆਂ, ਜਿਸ ਵਿੱਚ 25 ਦੇ ਕਰੀਬ ਨਵੇਂ-ਪੁਰਾਣੇ ਕਲਾਕਾਰਾਂ ਨੇ ਅਦਾਕਾਰੀ ਕੀਤੀ। ਸੰਚਾਲਕ ਸ਼ਬਦੀਸ਼ ਨੇ ਦੱਸਿਆ ਕਿ ਰੰਗਮੰਚ ਦਾ ਆਗ਼ਾਜ਼ 3 ਸਤੰਬਰ, 1999 ਨੂੰ ਅਸਗਰ ਵਜਾਹਤ ਦੇ ਨਾਟਕ ‘ਇੰਨਾ ਦੀ ਆਵਾਜ਼’ ਦੀ ਪੇਸ਼ਕਾਰੀ ਨਾਲ ਹੋਇਆ ਸੀ।
ਡਾ. ਕੁਲਦੀਪ ਸਿੰਘ ਦੀਪ ਨੇ ਚਰਚਾ ਕਰਦਿਆਂ ਕਿਹਾ ਕਿ ਇਸ ਵੇਲ਼ੇ ਇਸ ਪੇਂਡੂ ਰੰਗਮੰਚ ਨੂੰ ਗੰਭੀਰ ਚੁਣੌਤੀ ਹੈ ਕਿਉਂਕਿ ਇਸਦਾ ਦਾਇਰਾ ਸੁੰਗੜ ਰਿਹਾ ਹੈ ਅਤੇ ਜ਼ਿਆਦਾਤਰ ਸ਼ਹਿਰਾਂ ਵਿੱਚ ਵੀ ਆਡੀਟੋਰੀਅਮ ਨਹੀਂ ਹਨ। ਇਸ ਮੌਕੇ ’ਤੇ ਦਰਸ਼ਕਾਂ ਵੱਲੋਂ ਜਗਜੀਤ ਸਰੀਨ ਤੇ ਰਾਜੇਸ਼ ਅਤਰੇ, ਸੁਰਿੰਦਰ ਗਿੱਲ, ਰਾਜੇਸ਼ ਅਤਰੇ ਅਤੇ ਪਾਲੀ ਭੁਪਿੰਦਰ ਸਿੰਘ ਨੇ ਵੀ ਟੀਮ ਪ੍ਰਤੀ ਆਪਣੇ ਅਨੁਭਵ ਸਾਂਝੇ ਕੀਤੇ। ਨਾਟਕਕਾਰ ਡਾ. ਸਵਰਾਜਬੀਰ ਨੇ ਜਾਵੇਦ ਅਖ਼ਤਰ ਦੇ ਹਵਾਲੇ ਨਾਲ ਕਿਹਾ ਕਿ ਨਵੇਂ ਬਣ ਰਹੇ ਭਾਰਤ ਵਿੱਚ ਫ਼ਿਲਮਾਂ ਉਧਾਲੀਆਂ ਜਾ ਰਹੀਆਂ ਹਨ ਅਤੇ ਇਹ ਖ਼ਤਰਾ ਰੰਗਮੰਚ ਲਈ ਹੋਰ ਵੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਨਾਟਕ ਸੱਤਾ ਦੀ ਸਿਆਸਤ ਦਾ ਤਾਂ ਕਿਵੇਂ ਨਾ ਕਿਵੇਂ ਮੁਕਾਬਲਾ ਕਰ ਸਕਦਾ ਹੈ, ਪਰ ਪੈਸੇ ਦੇ ਜ਼ੋਰ ਨਾਲ ਕਾਰਪੋਰੇਟੀ ਦਖ਼ਲ ਦਾ ਟਾਕਰਾ ਆਸਾਨ ਨਹੀਂ ਹੈ।
ਅੱਜ ਦੀਆਂ ਫ਼ਿਲਮਾਂ ਇਤਿਹਾਸ ਦੇ ਖਲਨਾਇਕਾਂ ਨੂੰ ਨਾਇਕ ਬਣਾ ਰਹੀਆਂ ਹਨ ਅਤੇ ਨਾਇਕਾਂ ਨੂੰ ਸੱਤਾ ਦੀ ਵਿਚਾਰਧਾਰਾ ਤਹਿਤ ਸਵਾਲਾਂ ਦੇ ਦਾਇਰੇ ਵਿੱਚ ਲਿਆ ਰਹੀਆਂ ਹਨ।
ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਭੁਪਿੰਦਰ ਸਿੰਘ ਮਲਿਕ ਨੇ ਕੀਤਾ। ਅਨੀਤਾ ਸ਼ਬਦੀਸ਼ ਨੇ ਧੰਨਵਾਦ ਕਰਦਿਆਂ ਕਿਹਾ ਕਿ ਰੰਗਮੰਚ ਵੱਲੋਂ ਇਸ ਸਾਲ ਆਪਣੇ ਕੁਝ ਪੁਰਾਣੇ ਨਾਟਕਾਂ ਦਾ ਮੰਚਨ ਵੀ ਕਰਾਂਗੇ ਤੇ ਕੁਝ ਨਵੇਂ ਵੀ ਕੀਤੇ ਜਾਣਗੇ।

Advertisement

Advertisement
Advertisement
Author Image

Advertisement