ਸਿਡਨੀ ’ਚ ਚਾਕੂ ਨਾਲ ਕੀਤੇ ਹਮਲੇ ’ਚ ਛੇ ਜਣਿਆਂ ਦੀ ਮੌਤ
ਗੁਰਚਰਨ ਸਿੰਘ ਕਾਹਲੋਂ
ਸਿਡਨੀ, 13 ਅਪਰੈਲ
ਸਿਡਨੀ ਦੇ ਵੈਸਟਫੀਲਡ ਸ਼ਾਪਿੰਗ ਸੈਂਟਰ ’ਚ ਅੱਜ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ ਛੇ ਜਣਿਆਂ ਨੂੰ ਮਾਰ ਦਿੱਤਾ ਜਦਕਿ ਘਟਨਾ ਦੌਰਾਨ ਹਮਲਾਵਰ ਵੀ ਪੁਲੀਸ ਦੀ ਗੋਲੀ ਨਾਲ ਮੌਕੇ ’ਤੇ ਹੀ ਮਾਰਿਆ ਗਿਆ। ਪੁਲੀਸ ਨੇ ਇਹ ਦੱਸਿਆ ਕਿ ਹਮਲੇ ’ਚ ਨੌਂ ਮਹੀਨਿਆਂ ਦੇ ਇੱਕ ਬੱਚੇ ਸਣੇ ਅੱਠ ਹੋਰ ਜ਼ਖ਼ਮੀ ਵੀ ਹੋਏ ਹਨ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਸਾਰੇ ਵਿਅਕਤੀ ਦੁਕਾਨਦਾਰ ਸਨ ਤੇ ਜ਼ਖਮੀਆਂ ’ਚੋਂ ਵੀ ਬਹੁਤੇ ਦੁਕਾਨਦਾਰ ਹੀ ਹਨ। ਆਸਟਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਤੇ ਆਖਿਆ ਕਿ ਅਜਿਹੀਆਂ ਵਾਰਦਾਤਾਂ ਸਮਝ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਇਹ ਹਿੰਸਾ ਦੀ ਭਿਆਨਕ ਕਾਰਵਾਈ ਸੀ ਜਿਸ ’ਚ ਬੇਕਸੂਰ ਲੋਕਾਂ ਨੂੰ ਅੰਨ੍ਹੇਵਾਹ ਨਿਸ਼ਾਨਾ ਬਣਾਇਆ ਗਿਆ। ਪ੍ਰਧਾਨ ਮੰਤਰੀ ਨੇ ਜ਼ਖਮੀਆਂ ਨਾਲ ਹਮਦਰਦੀ ਪ੍ਰਗਟਾਈ ਅਤੇ ਦਲੇਰੀ ਦਿਖਾਉਣ ਲਈ ਪੁਲੀਸ ਦਾ ਧੰਨਵਾਦ ਕੀਤਾ।
ਨਿਊ ਸਾਊਥ ਵੇਲਜ਼ ਦੇ ਸਹਾਇਕ ਪੁਲੀਸ ਕਮਿਸ਼ਨਰ (ਏਸੀਪੀ) ਐਂਥਨੀ ਕੁੱਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੋਂਦੀ ਜੰਕਸ਼ਨ ਦੇ ਵੈਸਟਫੀਲਡ ਸ਼ਾਪਿੰਗ ਸੈਂਟਰ ’ਚ ਇੱਕ ਸ਼ੱਕੀ ਵਿਅਕਤੀ ਨੇ ਚਾਕੂ ਨਾਲ ਹਮਲਾ ਸ਼ੁਰੂ ਕਰ ਦਿੱਤਾ ਅਤੇ ਨੌਂ ਵਿਅਕਤੀਆਂ ’ਤੇ ਚਾਕੂ ਨਾਲ ਵਾਰ ਕੀਤੇ ਜਿਸ ਮਗਰੋਂ ਇੱਕ ਪੁਲੀਸ ਇੰਸਪੈਕਟਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਘਟਨਾ ’ਚ ਛੇ ਵਿਅਕਤੀਆਂ ਅਤੇ ਹਮਲਾਵਰ ਦੀ ਮੌਤ ਹੋ ਗਈ। ਕੁੱਕ ਨੇ ਦੱਸਿਆ ਕਿ ਲੱਗਦਾ ਹੈ ਸ਼ੱਕੀ ਹਮਲਾਵਰ ਨੇ ਇਸ ਵਾਰਦਾਤ ਨੂੰ ਇਕੱਲਿਆਂ ਹੀ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਹਾਲੇ ਤੱਕ ਹਮਲਾਵਰ ਦੀ ਪਛਾਣ ਅਤੇ ਹਮਲੇ ਪਿੱਛੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਮੁਤਾਬਕ ਹਮਲੇ ਲਈ ਵਰਤਿਆ ਗਿਆ ਤੇਜ਼ਧਾਰ ਚਾਕੂ ਕਰੀਬ ਇੱਕ ਫੁੱਟ ਲੰਮਾ ਸੀ। ਹਮਲਾਵਰ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਤੇ ਉਹ ਇੱਕ ਗੋਰਾ ਹੈ। ਉਨ੍ਹਾਂ ਕਿਹਾ, ‘‘ਘਟਨਾ ਸਥਾਨ ਤੋਂ ਸਾਨੂੰ ਕੁਝ ਵੀ ਅਜਿਹਾ ਪਤਾ ਨਹੀਂ ਲੱਗਾ ਜਿਸ ਤੋਂ ਹਮਲੇ ਸਬੰਧੀ ਕਿਸੇ ਮਕਸਦ ਜਾਂ ਵਿਚਾਰਧਾਰਾ ਦਾ ਸੰਕੇਤ ਮਿਲਦਾ ਹੋਵੇ।’’