ਪਰਵਾਸੀਆਂ ਖ਼ਿਲਾਫ਼ ਨੇ ਦਸ ’ਚੋਂ ਛੇ ਕੈਨੇਡੀਅਨ
ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 27 ਅਕਤੂਬਰ
ਜ਼ਿਆਦਾਤਰ ਕੈਨੇਡਿਆਈ ਨਾਗਰਿਕਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਾਫੀ ਜ਼ਿਆਦਾ ਪਰਵਾਸੀ ਹਨ। ਐਨਵਾਇਰੌਨਿਕਸ ਸੰਸਥਾ ਦੇ ਇਕ ਨਵੇਂ ਸਰਵੇਖਣ ਮੁਤਾਬਕ ਕੈਨੇਡਾ ਵਿੱਚ ਪਰਵਾਸੀਆਂ ਲਈ ਜਨਤਕ ਸਹਿਯੋਗ ਘੱਟ ਰਿਹਾ ਹੈ। ‘ਦਿ ਏਸ਼ੀਅਨ ਪੈਸੀਫਿਕ ਪੋਸਟ’ ਦੀ ਖ਼ਬਰ ਮੁਤਾਬਕ ਐਨਵਾਇਰੌਨਿਕਸ ਸੰਸਥਾ ਵੱਲੋਂ ਇਮੀਗ੍ਰੇਸ਼ਨ ਦੇ ਵਿਸ਼ੇ ’ਤੇ ਕਰਵਾਏ ਗਏ ਦੇਸ਼ ਦੇ ਸਭ ਤੋਂ ਲੰਬੇ ਸਰਵੇਖਣ ਮੁਤਾਬਕ ਦਸ ਵਿੱਚੋਂ ਤਕਰੀਬਨ ਛੇ (58 ਫ਼ੀਸਦ) ਕੈਨੇਡਿਆਈ ਨਾਗਰਿਕਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਾਫੀ ਜ਼ਿਆਦਾ ਪਰਵਾਸੀ ਹੋ ਗਏ ਹਨ। ਐਨਵਾਇਰੌਨਿਕਸ ਸੰਸਥਾ ਵੱਲੋਂ ਇਸੇ ਹਫ਼ਤੇ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ ਸਰਵੇਖਣ ਰਿਪੋਰਟ ਮੁਤਾਬਕ, ‘‘ਦੇਸ਼ ਵਿੱਚ 2023 ਤੋਂ ਹੁਣ ਤੱਕ ਪਰਵਾਸੀਆਂ ਦੀ ਗਿਣਤੀ ਵਿੱਚ 14 ਫੀਸਦ ਪੁਆਇੰਟ ਦਾ ਵਾਧਾ ਹੋਇਆ ਹੈ ਜੋ ਕਿ ਪਿਛਲੇ ਸਾਲ (2022-23) ਨਾਲੋਂ 17 ਪੁਆਇੰਟ ਜ਼ਿਆਦਾ ਹੈ।’’ ਸਰਵੇਖਣ ਖੋਜ ਬਾਰੇ ਐਨਵਾਇਰੌਨਿਕਸ ਸੰਸਥਾ ਨੂੰ ਜਨਤਕ ਰਾਏ ਲੈਣ ਅਤੇ ਕੈਨੇਡਾ ਦਾ ਭਵਿੱਖ ਤੈਅ ਕਰਨ ਬਾਰੇ ਮੁੱਦਿਆਂ ’ਤੇ ਸਮਾਜਿਕ ਖੋਜ ਕਰਨ ਲਈ 2006 ਵਿੱਚ ਮਾਈਕਲ ਐਡਮਜ਼ ਨੇ ਸਥਾਪਤ ਕੀਤਾ ਸੀ। ਸੰਸਥਾ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਹੈ, ‘‘ਅਜਿਹੀ ਖੋਜ ਰਾਹੀਂ ਕੈਨੇਡਿਆਈ ਨਾਗਰਿਕ ਆਪਣੇ ਆਪ ਨੂੰ ਅਤੇ ਉਨ੍ਹਾਂ ਦੇ ਬਦਲ ਰਹੇ ਸਮਾਜ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਨ।’’ ਇਸ ਦੇ ਨਾਲ ਹੀ ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ, ‘‘ਪਿਛਲੇ ਇਕ ਸਾਲ ਤੋਂ ਅਜਿਹੇ ਕੈਨੇਡਿਆਈ ਨਾਗਰਿਕਾਂ ਦੀ ਗਿਣਤੀ (43 ਫੀਸਦ) ਵਧੀ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਕਈ ਲੋਕ ਜੋ ਕਿ ਸ਼ਰਨਾਰਥੀ ਹੋਣ ਦਾ ਦਾਅਵਾ ਕਰਦੇ ਹਨ, ਅਸਲੀ ਸ਼ਰਨਾਰਥੀ ਨਹੀਂ ਹਨ ਅਤੇ ਕਾਫੀ ਜ਼ਿਆਦਾ ਪਰਵਾਸੀ ਕੈਨੇਡਾ ਦੀਆਂ ਕਦਰਾਂ ਕੀਮਤਾਂ ਨਹੀਂ ਅਪਣਾ ਰਹੇ ਹਨ। ਦੋਵੇਂ ਮਾਮਲਿਆਂ ਵਿੱਚ ਚਿੰਤਾਵਾਂ ਵਿੱਚ ਇਕ ਜ਼ਿਕਰਯੋਗ ਵਾਧਾ ਹੋਇਆ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਥਿਰ ਸੀ।
ਸਰਵੇਖਣ ਮੁਤਾਬਕ 1977 ਵਿੱਚ ਫੋਕਸ ਕੈਨੇਡਾ ਨੇ ਜਦੋਂ ਇਹ ਸਵਾਲ ਪੁੱਛਣਾ ਸ਼ੁਰੂ ਕੀਤਾ ਸੀ, ਉਦੋਂ ਤੋਂ ਪਿਛਲੇ ਦੋ ਸਾਲਾਂ ਵਿੱਚ ਬੜੀ ਤੇਜ਼ੀ ਨਾਲ ਬਦਲਾਅ ਆਇਆ ਹੈ ਜੋ ਕਿ ਇਹ ਦਰਸਾਉਂਦਾ ਹੈ ਕਿ ਜ਼ਿਆਦਾਤਰ ਕੈਨੇਡਿਆਈ ਨਾਗਰਿਕਾਂ ਦਾ ਕਹਿਣਾ ਹੈ ਕਿ 1998 ਤੋਂ ਲੈ ਕੇ ਹੁਣ ਤੱਕ ਇਮੀਗ੍ਰੇਸ਼ਨ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ।’’ ਸਰਵੇਖਣ ਮੁਕਾਬਕ, ‘‘ਪਿਛਲੇ 25 ਸਾਲਾਂ ਵਿੱਚ ਪਹਿਲੀ ਵਾਰ ਜ਼ਿਆਦਾਤਰ ਕੈਨੇਡਿਆਈ ਨਾਗਰਿਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਦੇਸ਼ ਵਿੱਚ ਕਾਫੀ ਜ਼ਿਆਦਾ ਪਰਵਾਸੀ ਹੋ ਗਏ ਹਨ ਅਤੇ ਇਹ ਵਿਚਾਰ ਲਗਾਤਾਰ ਦੂਜੇ ਸਾਲ ਵਧ ਰਿਹਾ ਹੈ। ਇਹ ਰੁਝਾਨ ਦੇਸ਼ ਭਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਰ ਸਭ ਤੋਂ ਜ਼ਿਆਦਾ ਕੈਨੇਡਾ ਦੇ ਮੈਦਾਨੀ (ਪ੍ਰੇਅਰੀ) ਸੂਬਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸੂਬਿਆਂ ਵਿੱਚ ਐਲਬਰਟਾ, ਸਸਕੈਚਵਾਨ ਅਤੇ ਮੈਨੀਟੋਬਾ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਰੁਝਾਨ ਸਭ ਤੋਂ ਘੱਟ ਕਿਊਬੈਕ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਰਿਪੋਰਟ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੇ ਜ਼ਿਆਦਾਤਰ ਸਮਰਥਕਾਂ (ਹੁਣ 80 ਫੀਸਦ) ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਾਫੀ ਪਰਵਾਸੀ ਹੋ ਗਏ ਹਨ ਜਦਕਿ ਲਿਬਰਲ ਪਾਰਟੀ ਦੇ 45 ਫੀਸਦ ਤੇ ਐੱਨਡੀਪੀ ਦੇ 36 ਫੀਸਦ ਸਮਰਥਕਾਂ ਦਾ ਵੀ ਇਹੀ ਮੰਨਣਾ ਹੈ। ਇਮੀਗ੍ਰੇਸ਼ਨ ਨੂੰ ਨਕਾਰਨ ਦੇ ਕਾਰਨਾਂ ਬਾਰੇ ਕੈਨੇਡਿਆਈ ਨਾਗਰਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਨਵੇਂ ਆਉਣ ਵਾਲੇ ਪਰਵਾਸੀ ਰਿਹਾਇਸ਼ ਤੇ ਮਹਿੰਗਾਈ ਨਾਲ ਕਿਵੇਂ ਨਜਿੱਠਣਗੇ। ਇਸ ਤੋਂ ਇਲਾਵਾ ਦੇਸ਼ ਵਿੱਚ ਹੱਦੋਂ ਵੱਧ ਆਬਾਦੀ ਹੋਣ ਨਾਲ ਜਨਤਕ ਵਿੱਤ ’ਤੇ ਬੋਝ ਵਧੇਗਾ।
‘ਦਿ ਏਸ਼ੀਆ ਪੈਸੇਫਿਕ ਪੋਸਟ’ ਦਾ ਕਹਿਣਾ ਹੈ ਕਿ 2024 ਤੋਂ 2026 ਲਈ ਕੈਨੇਡਾ ਦੀ ਤਾਜ਼ਾ ਇਮੀਗ੍ਰੇਸ਼ਨ ਲੈਵਲ ਯੋਜਨਾ ਮੁਤਾਬਕ 2024 ਵਿੱਚ ਦੇਸ਼ 4,85,000 ਪਰਵਾਸੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ ਜਦਕਿ 2025 ਤੇ 2026 ਵਿੱਚ 500,000 ਹੋਰ ਪਰਵਾਸੀਆਂ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਜਾਵੇਗਾ।