ਸੁਰਜੀਤ-ਕਮਲਜੀਤ ਖੇਡਾਂ ਮੌਕੇ ਛੇ ਓਲੰਪੀਅਨਾਂ ਦਾ ਹੋਵੇਗਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਬਟਾਲਾ, 26 ਨਵੰਬਰ
ਓਲੰਪੀਅਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿੱਚ ਇਸ ਵਾਰ ਛੇ ਓਲੰਪੀਅਨ ਖਿਡਾਰੀਆਂ ਦੇ ਸਨਮਾਨ ਦਾ ਐਲਾਨ ਕੀਤਾ ਗਿਆ ਹੈ। ਇਹ ਖੇਡਾਂ 28 ਨਵੰਬਰ ਤੋਂ ਪਹਿਲੀ ਦਸੰਬਰ ਤੱਕ ਹੋ ਰਹੀਆਂ ਹਨ।
ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਬਣਾਈ ਕਮੇਟੀ ਦੇ ਮੁਖੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਪਹਿਲੀ ਦਸੰਬਰ ਨੂੰ ਇਸ ਵਾਰ ਪੈਰਿਸ ਓਲੰਪਿਕਸ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਛੇ ਖਿਡਾਰੀਆਂ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ, ਤੇਜਿੰਦਰ ਪਾਲ ਸਿੰਘ ਤੂਰ, ਅਰਜੁਨ ਸਿੰਘ ਚੀਮਾ ਤੇ ਮੁਹੰਮਦ ਇਆਸਰ ਨੂੰ ਸਨਮਾਨਤ ਕੀਤਾ ਜਾਵੇਗਾ। ਸਨਮਾਨਤ ਖਿਡਾਰੀਆਂ 25-25 ਹਜ਼ਾਰ ਰੁਪਏ ਦੀ ਨਗਦ ਇਨਾਮ ਰਾਸ਼ੀ, ਸਨਮਾਨ ਪੱਤਰ ਤੇ ਪੁਸਤਕਾਂ ਦਾ ਸੈੱਟ ਭੇਟ ਕੀਤਾ ਜਾਵੇਗਾ।
ਸੁਰਜੀਤ ਸਪੋਰਟਸ ਅਸੋਸੀਏਸ਼ਨ (ਰਜਿ) ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ ਨੇ ਦੱਸਿਆ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਤਗਮਾ ਜੇਤੂ ਹਾਕੀ ਟੀਮ ਦੇ 3 ਖਿਡਾਰੀਆਂ ਨੂੰ ਐਵਾਰਡ ਲਈ ਚੁਣਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀ ਸਿੰਘ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਭਾਗ ਲੈਣ ਵਾਲੇ ਜੇਤੂ ਖਿਡਾਰੀਆਂ ਨੂੰ ਕਿਤਾਬਾਂ ਦੇ ਸੈੱਟ ਭੇਟ ਕੀਤੇ ਜਾਣਗੇ।