ਮੁਹਾਲੀ ਇੰਸਟੀਚਿਊਟ ਦੇ ਛੇ ਹੋਰ ਕੈਡਿਟ ਭਾਰਤੀ ਫ਼ੌਜ ਦੇ ਕਮਿਸ਼ਨਡ ਅਫ਼ਸਰ ਬਣੇ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 9 ਜੂਨ
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ ਛੇ ਹੋਰ ਕੈਡਿਟਾਂ ਨੂੰ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ ਤੋਂ ਸਫਲਤਾਪੂਰਵਕ ਪਾਸ ਹੋਣ ਮਗਰੋਂ ਭਾਰਤੀ ਫੌਜ ਵਿੱਚ ਕਮਿਸ਼ਨ ਮਿਲ ਗਿਆ ਹੈ। ਪਾਸਿੰਗ ਆਊਟ ਪਰੇਡ ਦਾ ਨਿਰੀਖਣ ਲੈਫ਼ਟੀਨੈਂਟ ਜਨਰਲ ਐੱਮ.ਵੀ. ਸੁਚਿੰਦਰ ਕੁਮਾਰ ਨੇ ਕੀਤਾ। ਇਨ੍ਹਾਂ ਛੇ ਕੈਡਿਟਾਂ ’ਚੋਂ ਤਿੰਨ ਅਮਰਿੰਦਰ ਸਿੰਘ, ਅਭੈ ਪ੍ਰਤਾਪ ਸਿੰਘ ਅਤੇ ਅਦਿੱਤਿਆ ਸ਼ਰਮਾ ਮੁਹਾਲੀ ਨਾਲ ਸਬੰਧਤ ਹਨ। ਇਸੇ ਤਰ੍ਹਾਂ ਸ਼ੋਭਿਤਦੀਪ ਸਿੰਘ (ਗੁਰਦਾਸਪੁਰ), ਅਦਿੱਤਿਆ ਬਰਮੀ (ਹੁਸ਼ਿਆਰਪੁਰ) ਅਤੇ ਤੁਸ਼ਾਂਤ (ਪਠਾਨਕੋਟ) ਕਮਿਸ਼ਨਡ ਅਫ਼ਸਰ ਬਣਨ ਨਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕੁੱਲ 158 ਕੈਡਿਟਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਹਾਸਲ ਕੀਤਾ ਹੈ। ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ ਚੌਹਾਨ ਨੇ ਦੱਸਿਆ ਕਿ ਦੋ ਹੋਰ ਕੈਡਿਟਾਂ ਜਸਕੀਰਤ ਸਿੰਘ (ਮੁਹਾਲੀ) ਅਤੇ ਸਕਸ਼ਮ ਗੁਪਤਾ (ਜਲੰਧਰ) ਨੂੰ ਇਸ ਸਾਲ ਮਈ ਵਿੱਚ ਭਾਰਤੀ ਜਲ ਸੈਨਾ ਵਿੱਚ ਸਬ-ਲੈਫ਼ਟੀਨੈਂਟ ਵਜੋਂ ਕਮਿਸ਼ਨ ਮਿਲਿਆ ਹੈ। ਉਨ੍ਹਾਂ ਨੇ ਕੈਡਿਟਾਂ ਨੂੰ ਇੰਸਟੀਚਿਊਟ ਦੇ ਮੋਟੋ ਉੱਤੇ ਖਰਾ ਉਤਰਨ ਅਤੇ ਦੇਸ਼ ਦੀ ਸੇਵਾ ਪ੍ਰਤੀ ਸੱਚੇ ਸਿਪਾਹੀ ਬਣਨ ਲਈ ਪ੍ਰੇਰਿਆ। ਮੇਜਰ ਜਨਰਲ ਅਜੈ ਐਚ ਚੌਹਾਨ ਨੇ ਦੱਸਿਆ ਕਿ ਇੰਸਟੀਚਿਊਟ ਦੇ 22 ਹੋਰ ਕੈਡਿਟਾਂ ਨੇ ਸਰਵਿਸ ਸਿਲੈਕਸ਼ਨ ਬੋਰਡ (ਐਸਐਸਬੀ) ਦੀ ਇੰਟਰਵਿਊ ਵੀ ਪਾਸ ਕੀਤੀ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਵਧਾਈ ਦਿੱਤੀ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਨ੍ਹਾਂ ਹੋਣਹਾਰ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਹਥਿਆਰਬੰਦ ਸੈਨਾ ਵਿੱਚ ਸਫਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਮੁਹਾਲੀ ਇੰਸਟੀਚਿਊਟ ਦੇ 50 ਕੈਡਿਟ ਕਮਿਸ਼ਨਡ ਅਫ਼ਸਰ ਬਣੇ ਹਨ। ਇੰਸਟੀਚਿਊਟ ਨੇ 56.64 ਫੀਸਦੀ ਸਫਲਤਾ ਦਰ ਹਾਸਲ ਕਰਕੇ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ।