ਜੇਲ੍ਹ ਵਿੱਚ ਬਿਤਾਏ ਛੇ ਮਹੀਨਿਆਂ ਨੇ ਮੇਰਾ ਮਨੋਬਲ ਵਧਾਇਆ: ਸੰਜੈ ਸਿੰਘ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਪਰੈਲ
ਸੰਸਦ ਮੈਂਬਰ ਸੰਜੈ ਸਿੰਘ ਵੱਲੋਂ ਅੱਜ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਵਿਖੇ ਪਹੁੰਚ ਕੇ ਕੇਂਦਰ ਸਰਕਾਰ ਨੂੰ ਸਦਬੁੱਧੀ ਦੇਣ ਲਈ ਪ੍ਰਾਰਥਨਾ ਕੀਤੀ ਗਈ। ਰਾਸ਼ਟਰਪਿਤਾ ਤੋਂ ਆਸ਼ੀਰਵਾਦ ਲੈਣ ਲਈ ਉਹ ਆਪਣੇ ਵਿਧਾਇਕ ਸਾਥੀਆਂ ਸਮੇਤ ਰਾਜਘਾਟ ਪਹੁੰਚੇ। ਇਸੇ ਦੌਰਾਨ ਇਕ ਵੱਖਰੇ ਇੰਟਰਵਿਊ ਵਿੱਚ ਸੰਜੈ ਸਿੰਘ ਨੇ ਕਿਹਾ ਕਿ ਜੇਲ੍ਹ ਵਿੱਚ ਬਿਤਾਏ ਛੇ ਮਹੀਨਿਆਂ ਨੇ ਉਨ੍ਹਾਂ ਦਾ ਮਨੋਬਲ ਵਧਾਇਆ ਅਤੇ ‘ਅਨਿਆਂ ਤੇ ਤਾਨਾਸ਼ਾਹੀ’ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਉਨ੍ਹਾਂ ਦਾ ਇਰਾਦਾ ਮਜ਼ਬੂਤ ਕੀਤਾ। ਇਸ ਦੌਰਾਨ ਸੰਜੈ ਸਿੰਘ ਨੇ ਕਿਹਾ ਕਿ 77 ਸਾਲ ਮਗਰੋਂ ਦੇਸ਼ ਵਿੱਚ ਅਜਿਹੇ ਹਾਲਾਤ ਬਣ ਗਏ ਹਨ ਕਿ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਪ੍ਰਾਰਥਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਰਾਸ਼ਟਰਪਿਤਾ ਜਿੱਥੇ ਕਿਤੇ ਵੀ ਹੋਣ, ਮੌਜੂਦਾ ਕੇਂਦਰ ਸਰਕਾਰ ਨੂੰ ਸਦਬੁੱਧੀ ਦੇਣ ਤਾਂ ਜੋ ਇਹ ਸਰਕਾਰ ਆਜ਼ਾਦੀ, ਸੰਵਿਧਾਨ, ਲੋਕਤੰਤਰ ਨਾਲ ਖੇਡਣਾ ਬੰਦ ਕਰੇ। ਇਸ ਤੋਂ ਪਹਿਲਾਂ ਉਨ੍ਹਾਂ ਕਨਾਟ ਪਲੇਸ ਸਥਿਤ ਹਨੂਮਾਨ ਮੰਦਰ ਵਿੱਚ ਪੂਜਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਾਨਾਸ਼ਾਹ ਸਰਕਾਰ ਨੇ ਇੱਕ ਮੁੱਖ ਮੰਤਰੀ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ, ਜਿਸ ਨੂੰ ਦਿੱਲੀ ਦੇ ਦੋ ਕਰੋੜ ਲੋਕਾਂ ਵੱਲੋਂ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਸਾਰੇ ਮੰਤਰੀ, ਵਿਧਾਇਕ ਅਤੇ ਆਗੂ ਆਪਣੇ ਨੇਤਾ ਅਰਵਿੰਦ ਕੇਜਰੀਵਾਲ ਦੇ ਨਾਲ ਖੜ੍ਹੇ ਹਨ।