ਬਾਰ੍ਹਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਸਣੇ ਛੇ ਲਾਪਤਾ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 24 ਮਈ
ਇੱਥੋਂ ਦੇ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਸਮੇਤ ਕੁੱਲ 6 ਵਿਅਕਤੀਆਂ ਦੇ ਸ਼ੁੱਕਰਵਾਰ ਰਾਤ ਤੋਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਹੋਏ ਵਿਅਕਤੀਆਂ ਬਾਰੇ ਕੋਈ ਸੁਰਾਗ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਵਿਚ ਰਿਪੋਰਟ ਦਰਜ ਕਰਵਾਈ ਹੈ।
ਜਾਣਕਾਰੀ ਅਨੁਸਾਰ ਲਾਪਤਾ ਹੋਏ ਵਿਦਿਆਰਥੀਆਂ ਵਿੱਚ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੇਦੀ ਕਲੋਨੀ, ਗੁਰਦਿੱਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗੋਬਿੰਦ ਇਨਕਲੇਵ ਮਖੂ ਗੇਟ, ਲਵ ਵਾਸੀ ਪਿੰਡ ਅਲੀ ਕੇ ਅਤੇ ਵਿਸ਼ਵਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਇੱਛੇ ਵਾਲਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਇਨਵਰਟਰ ਰਿਪੇਅਰ ਦਾ ਕੰਮ ਕਰਨ ਵਾਲਾ ਵਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਆਰਐਸਡੀ ਕਾਲਜ ਦੇ ਪਿੱਛੇ ਲੱਗਦੀ ਗਲੀ ਅਤੇ ਇੱਕ ਹੋਰ ਨੌਜਵਾਨ ਕ੍ਰਿਸ਼ ਪੁੱਤਰ ਵਿਜੇ ਕੁਮਾਰ ਵਾਸੀ ਬਸਤੀ ਆਵਾ ਵੀ ਲਾਪਤਾ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਨੌਜਵਾਨ ਸ਼ੁੱਕਰਵਾਰ ਸ਼ਾਮ ਪੰਜ ਵਜੇ ਤੋਂ ਲਾਪਤਾ ਹਨ ਅਤੇ ਇਨ੍ਹਾਂ ਦੇ ਮੋਬਾਈਲ ਫ਼ੋਨ ਵੀ ਬੰਦ ਆ ਰਹੇ ਹਨ। ਲਵ ਇਥੋਂ ਦੇ ਡੋਮੀਨੋਜ਼ ਤੇ ਪੀਜ਼ਾ ਡਿਲੀਵਰੀ ਦਾ ਕੰਮ ਕਰਦਾ ਦੱਸਿਆ ਜਾਂਦਾ ਹੈ।
ਵਰਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਰਾਤ 9 ਵਜੇ ਹੀ ਇਸ ਸਬੰਧੀ ਰਿਪੋਰਟ ਦਰਜ ਕਰਵਾਉਣ ਗਏ ਸਨ ਅਤੇ ਉਹ ਰਾਤ ਸਾਢੇ ਬਾਰਾਂ ਵਜੇ ਤੱਕ ਥਾਣੇ ਵਿੱਚ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਥਾਣੇ ਵਿੱਚ ਮੌਜੂਦ ਮੁਨਸ਼ੀ ਦੇ ਰਵੱਈਏ ’ਤੇ ਨਿਸ਼ਾਰਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, ‘‘ਪੁਲੀਸ ਨੇ ਕੋਈ ਠੋਸ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਰਾਤ ਸਾਢੇ ਬਾਰਾਂ ਵਜੇ ਤੱਕ ਥਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਵੀ ਉੱਥੇ ਨਹੀਂ ਆਏ।’’ ਇਸ ਦੌਰਾਨ ਹੋਰ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਰਿਪੋਰਟ ਦਰਜ ਕਰਵਾਉਣ ਉੱਥੇ ਪੁੱਜੇ।
ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਨੇ ਦੱਸਿਆ ਕਿ ਉਹ ਗੁੰਮਸ਼ੁਦਾ ਵਿਦਿਆਰਥੀਆਂ ਦੀ ਕਾਲ ਡਿਟੇਲ ਕਢਵਾਉਣ ਸਬੰਧੀ ਕਾਰਵਾਈ ਕਰ ਰਹੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।