ਸੇਵਾਮੁਕਤ ਫ਼ੌਜੀ ਵੱਲੋਂ ਪਰਿਵਾਰ ਦੇ ਛੇ ਜੀਆਂ ਦਾ ਕਤਲ
* ਲਾਸ਼ਾਂ ਸਾੜਨ ਦੀ ਵੀ ਕੀਤੀ ਗਈ ਸੀ ਕੋਸ਼ਿਸ਼
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 22 ਜੁਲਾਈ
ਇੱਥੋਂ ਨੜਲੇ ਪਿੰਡ ਰਤੋੜ ਵਿੱਚ ਜ਼ਮੀਨੀ ਝਗੜੇ ਕਾਰਨ ਇੱਕ ਸੇਵਾਮੁਕਤ ਫ਼ੌਜੀ ਨੇ ਆਪਣੇ ਭਰਾ, ਭਰਜਾਈ, ਮਾਂ, ਭਤੀਜੇ ਅਤੇ ਦੋ ਭਤੀਜੀਆਂ ਦਾ ਕੁਹਾੜੀ ਮਾਰ ਕੇ ਕਤਲ ਜਦਕਿ ਪਿਤਾ ਨੂੰ ਜ਼ਖ਼ਮੀ ਕਰ ਦਿੱਤਾ। ਇਸ ਮਗਰੋਂ ਉਸ ਨੇ ਆਪਣੇ ਘਰ ਵਿੱਚ ਲਾਸ਼ਾਂ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਮੁਲਜ਼ਮ ਦੀ ਪਛਾਣ ਭੂਸ਼ਣ ਕੁਮਾਰ ਅਤੇ ਮ੍ਰਿਤਕਾਂ ਦੀ ਪਛਾਣ ਭੂਸ਼ਣ ਦੀ ਮਾਂ ਸਰੂਪੀ ਦੇਵੀ (65), ਭਰਾ ਹਰੀਸ਼ ਕੁਮਾਰ (35), ਭਰਜਾਈ ਸੋਨੀਆ (32) ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਪਰੀ (7), ਯਾਸ਼ਿਕਾ (5) ਅਤੇ ਮਯੰਕ (6 ਮਹੀਨੇ) ਵਜੋਂ ਹੋਈ ਹੈ। ਪੁਲੀਸ ਨੇ ਭੂਸ਼ਣ ਕੁਮਾਰ ਦੇ ਪਿਤਾ ਓਮ ਪ੍ਰਕਾਸ਼ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਅੰਬਾਲਾ ਦੇ ਐੱਸਪੀ ਸੁਰਿੰਦਰ ਭੌਰੀਆ, ਡੀਐੱਸਪੀ ਮੁਕੇਸ਼ ਕੁਮਾਰ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਐੱਸਪੀ ਨੇ ਦੱਸਿਆ ਕਿ ਇਸ ਬਾਰੇ ਸੂਚਨਾ ਮਿਲਣ ਮਗਰੋਂ ਉਨ੍ਹਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ ਅਤੇ ਮੁਲਜ਼ਮ ਸਣੇ ਕੁੱਝ ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਨਰਾਇਣਗੜ੍ਹ ਇਲਾਕੇ ਦੇ ਪਿੰਡ ਰਤੋੜ ਦੇ ਖੇਤਾਂ ’ਚ ਬਣੇ ਡੇਰੇ ਵਿੱਚ ਰਹਿੰਦੇ ਇੱਕ ਪਰਿਵਾਰ ਨਾਲ ਸਬੰਧਤ ਹੈ। ਇਹ ਪਰਿਵਾਰ ਕਰੀਬ 20-25 ਸਾਲਾਂ ਤੋਂ ਇੱਥੇ ਰਹਿ ਰਿਹਾ ਸੀ। ਪਰਿਵਾਰ ਕੋਲ ਢਾਈ ਏਕੜ ਦੇ ਕਰੀਬ ਜ਼ਮੀਨ ਸੀ ਜਿਸ ਦੇ ਰਸਤੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਓਮ ਪ੍ਰਕਾਸ਼ ਨੇ ਆਪਣੇ ਪੁੱਤ ਨੂੰ ਰੋੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੇ ਪਿਤਾ ਨੂੰ ਵੀ ਜ਼ਖ਼ਮੀ ਕਰ ਦਿੱਤਾ।