ਬਲੈਕਮੇਲ ਕਰ ਕੇ ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਛੇ ਮੈਂਬਰ ਕਾਬੂ
ਪੱਤਰ ਪ੍ਰੇਰਕ
ਸ਼ਾਹਕੋਟ, 12 ਅਕਤੂਬਰ
ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਭੋਲੇ-ਭਾਲੇ ਲੋਕਾਂ ਨੂੰ ਵਰਗਲਾ ਕੇ ਲੁੱਟਣ ਵਾਲੇ ਠੱਗਾਂ ਦੇ ਗਰੋਹ ਦੇ ਇਕ ਮੈਂਬਰ ਨੇ ਸੁਲਤਾਨਪੁਰ ਲੋਧੀ ਦੇ ਆੜ੍ਹਤੀਏ ਨਰਿੰਦਰ ਸਿੰਘ ਨੂੰ ਲੇਬਰ ਦੇਣ ਦੇ ਬਹਾਨੇ ਫੋਨ ਕਰ ਕੇ ਸੈਦਪੁਰ ਝਿੜੀ ਬੁਲਾਇਆ। ਉਹ ਜਿਵੇਂ ਸੈਦਪੁਰ ਝਿੜੀ ਪੁੱਜਾ ਤਾਂ ਮੁਲਜ਼ਮ ਆੜ੍ਹਤੀਏ ਨੂੰ ਉਸ ਘਰ ਵਿਚ ਲੈ ਗਿਆ ਜਿੱਥੇ ਉਨ੍ਹਾਂ ਨੇ ਪਹਿਲਾਂ ਹੀ ਇੱਕ ਔਰਤ ਨੂੰ ਇਤਰਾਜ਼ਯੋਗ ਹਾਲਤ ’ਚ ਬਿਠਾਇਆ ਹੋਇਆ ਸੀ। ਉਸੇ ਸਮੇਂ ਗਰੋਹ ਦੇ ਕੁਝ ਹੋਰ ਮੈਂਬਰਾਂ ਨੇ ਆ ਕੇ ਆੜ੍ਹਤੀਏ ਦੀ ਕੁੱਟਮਾਰ ਕਰ ਕੇ ਉਸ ਦੇ ਪਰਸ ਵਿੱਚੋਂ 15,000 ਰੁਪਏ, 4 ਏਟੀਐਮ ਅਤੇ ਘੜੀ ਲੈ ਲਈ। ਮੁਲਜ਼ਮਾਂ ਨੇ ਆੜ੍ਹਤੀਏ ਦੇ ਖਾਤੇ ਵਿੱਚੋਂ ਏਟੀਐਮ ਰਾਹੀਂ 20,000 ਰੁਪਏ ਵੀ ਕਢਵਾ ਲਏ। ਫਿਰ ਉਹ ਪੰਜ ਲੱਖ ਰੁਪਏ ਦੀ ਮੰਗ ਕਰਨ ਲੱਗੇ। ਆੜ੍ਹਤੀਏ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਸ਼ਾਹਕੋਟ ਪੁਲੀਸ ਨੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਮੁਲਜ਼ਮ ਜੋਬਨਪ੍ਰੀਤ ਸਿੰਘ ਵਾਸੀ ਚੰਨਣਵਿੰਡੀ, ਰਾਜੇਸ਼ ਕੁਮਾਰ ਵਾਸੀ ਢੰਡੋਵਾਲ, ਜਸਕਰਨ ਗਿੱਲ ਵਾਸੀ ਸੈਦਪੁਰ ਝਿੜੀ, ਬਰਜੇਸ਼ ਕੁਮਾਰ ਵਾਸੀ ਸੰਢਾਂਵਾਲ, ਬੂਟਾ ਸਿੰਘ ਵਾਸੀ ਤਲਵਣ ਅਤੇ ਬਰਖਾ ਵਾਸੀ ਮਹਿਰਾਜਵਾਲਾ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀਐੱਸਪੀ ਨੇ ਦੱਸਿਆ ਕਿ 14 ਅਗਸਤ ਨੂੰ ਥਾਣਾ ਲੋਹੀਆਂ ਖ਼ਾਸ ਅਧੀਨ ਪੈਂਦੇ ਪਿੰਡ ਪਿੱਪਲੀ ’ਚ ਜ਼ਮੀਨ ਦਾ ਕਬਜ਼ਾ ਲੈਣ ਲਈ ਕਿਸਾਨ ਦੇ ਘਰ ਉੱਪਰ ਹਮਲਾ ਕਰਨ ਵਾਲੇ ਮੁਲਜ਼ਮ ਜਸਕਮਲ ਸਿੰਘ ਵਾਸੀ ਤਲਵਣ, ਬ੍ਰਿਜ ਚੇਤਨ, ਬ੍ਰਿਜ ਮੇਸਨ ਵਾਸੀ ਡਿੱਬਰੀਪੁਰਾ ਅਤੇ ਮਨੀਸ਼ ਵਾਸੀ ਮੁਹੱਲਾ ਸਾਦੀ ਖਾਂ ਮਹਿਤਪੁਰ ਨੂੰ ਲੋਹੀਆਂ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਦਾ ਕਬਜ਼ਾ ਲੈਣ ਅਤੇ ਇਰਾਦਾ ਕਤਲ ਦੇ ਇਸ ਕੇਸ ’ਚ ਹੁਣ ਤੱਕ 17 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।