ਕੌਸ਼ਲ ਚੌਧਰੀ ਗਰੋਹ ਦੇ ਛੇ ਮੈਂਬਰ ਗ੍ਰਿਫ਼ਤਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਜਨਵਰੀ
ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਪੁਲੀਸ ਨੇ ਕੌਸ਼ਲ ਚੌਧਰੀ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ .30 ਬੋਰ ਦੇ ਛੇ ਵਿਦੇਸ਼ੀ ਪਿਸਤੌਲਾਂ ਸਮੇਤ 40 ਕਾਰਤੂਸ ਵੀ ਬਰਾਮਦ ਕੀਤੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਵਿੱਚ ਦੋ ਮੁੱਖ ਸ਼ੂਟਰ ਪੁਨੀਤ ਲਖਨਪਾਲ ਅਤੇ ਨਰਿੰਦਰ ਕੁਮਾਰ ਉਰਫ਼ ਲਾਲੀ ਵੀ ਸ਼ਾਮਲ ਹਨ ਜੋ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਅਤੇ ਸੁਖਮੀਤ ਸਿੰਘ ਉਰਫ਼ ਡਿਪਟੀ ਦੇ ਕਤਲ ਵਿੱਚ ਸ਼ਾਮਲ ਸਨ। ਇਹ ਜਾਣਕਾਰੀ ਅੱਜ ਇੱਥੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਹੋਰ ਚਾਰ ਮੈਂਬਰਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪਲ ਵਾਸੀ ਗੁਰੂ ਹਰਿਸਹਾਏ ਫਿਰੋਜ਼ਪੁਰ, ਗੁਰਭਿੰਦਰ ਸਿੰਘ ਵਾਸੀ ਚਾਟੀਵਿੰਡ ਲਹਿਲ, ਅੰਮ੍ਰਿਤਸਰ, ਸੰਦੀਪ ਸਿੰਘ ਵਾਸੀ ਪਿੰਡ ਰਾਜਧਾਨ, ਅੰਮ੍ਰਿਤਸਰ ਅਤੇ ਮਨਿੰਦਰਜੀਤ ਸਿੰਘ ਉਰਫ ਸ਼ਿੰਦਾ ਵਾਸੀ ਪਿੰਡ ਬੱਦੋਵਾਲ ਝਾਂਡੇ, ਲੁਧਿਆਣਾ ਵਜੋਂ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਇਹ ਗਰੋਹ ਸਤੰਬਰ 2024 ਵਿੱਚ ਰਾਜਸਥਾਨ ਦੇ ਹਾਈਵੇਅ ਕਿੰਗ ਹੋਟਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰਨ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਿੱਚ ਵੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਕੌਸ਼ਲ ਚੌਧਰੀ ਗਰੋਹ ਨਾਲ ਸਬੰਧਤ ਹਨ ਜੋ ਹਰਿਆਣਾ, ਰਾਜਸਥਾਨ ਤੇ ਪੰਜਾਬ ਆਦਿ ਵਿੱਚ ਸਰਗਰਮ ਹਨ।