ਸਰਹੱਦ ਪਾਰੋਂ ਸੁੱਟੀ ਗਈ ਛੇ ਕਿੱਲੋ ਹੈਰੋਇਨ ਬਰਾਮਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਸਤੰਬਰ
ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ (ਸੀਆਈ) ਵਿੰਗ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਤਸਕਰੀ ਦੇ ਮਾਮਲੇ ਵਿੱਚ 6 ਕਿੱਲੋ ਹੈਰੋਇਨ, .30 ਬੋਰ ਦੇ 67 ਕਾਰਤੂਸ ਅਤੇ ਦੋ ਮੈਗਜ਼ੀਨਾਂ ਬਰਾਮਦ ਕੀਤੀਆਂ ਹਨ। ਇਹ ਜਾਣਕਾਰੀ ਅੱਜ ਇੱਥੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਖੇਪ ਮੰਗਵਾਉਣ ਵਾਲਾ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਟੀਮਾਂ ਨੇ ਮੁਲਜ਼ਮ ਵੱਲੋਂ ਸੁੱਟੇ ਬੈਗ ਵਿੱਚੋਂ ਐਪਲ ਆਈਫੋਨ 11 ਪ੍ਰੋ, ਸਣੇ ਛੇ ਮੋਬਾਈਲ ਫੋਨ ਅਤੇ ਜੀਓ ਡੌਂਗਲ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੀਆਈ ਅੰਮ੍ਰਿਤਸਰ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਦੇ ਪਿੰਡ ਜਾਫ਼ਰਪੁਰ ਦਾ ਵਿਅਕਤੀ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ ਅਤੇ ਉਸ ਨੇ ਹਾਲ ਹੀ ਵਿੱਚ ਭਾਰਤ-ਪਾਕਿ ਸਰਹੱਦੀ ਇਲਾਕੇ ਤੋਂ ਡਰੋਨ ਦੀ ਮਦਦ ਨਾਲ ਹੈਰੋਇਨ ਅਤੇ ਅਸਲੇ ਦੀ ਖੇਪ ਪ੍ਰਾਪਤ ਕੀਤੀ ਹੈ। ਉਹ ਇਸ ਖੇਪ ਨੂੰ ਅੱਗੇ ਕਿਸੇ ਹੋਰ ਪਾਰਟੀ ਨੂੰ ਸੌਂਪਣ ਜਾ ਰਿਹਾ ਹੈ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਡੀਐੱਸਪੀ ਬਲਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮਾਂ ਨੇ ਪਿੰਡ ਜਾਫਰਪੁਰ ਵਿੱਚ ਛਾਪਾ ਮਾਰਿਆ। ਇਸ ਦੌਰਾਨ ਮੁਲਜ਼ਮ ਆਪਣਾ ਬੈਗ ਸੁੱਟ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਫ਼ਰਾਰ ਮੁਲਜ਼ਮ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।