ਸੜਕ ਹਾਦਸਿਆਂ ਵਿੱਚ ਛੇ ਹਲਾਕ
ਨਿੱਜੀ ਪੱਤਰ ਪ੍ਰੇਰਕ
ਘਨੌਰ, 26 ਜੂਨ
ਇੱਥੇ ਰਾਜਪੁਰਾ-ਅੰਬਾਲ਼ਾ ਰੋਡ ‘ਤੇ ਪਿੰਡ ਘੱਗਰ ਸਰਾਏ ਕੋਲ ਕਾਰ ਦੀ ਟੱਕਰ ਵੱਜਣ ‘ਤੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਥਾਣਾ ਸ਼ੰਭੂ ਦੀ ਪੁਲੀਸ ਕੋਲ ਦੀਪਕ ਪੁੱਤਰ ਬਲਜੀਤ ਸਿੰਘ ਵਾਸੀ ਅੰਬਾਲਾ ਕੈਂਟ ਹਰਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਿਤਾ ਆਪਣੇ ਮੋਟਰਸਾਈਕਲ ਨੰਬਰ ਐੱਚਆਰ 58 ਡੀ- 6171 ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਜਦੋਂ ਉਹ ਘੱਗਰ ਸਰਾਏ ਪੁਲ ਕੋਲ ਪਹੁੰਚਿਆ ਤਾਂ ਕਿਸੇ ਕਾਰ ਨੇ ਮੋਟਰਸਾਈਕਲ ਵਿਚ ਟੱਕਰ ਮਾਰੀ। ਇਸ ਦੁਰਘਟਨਾ ਵਿਚ ਉਸ ਦੇ ਪਿਤਾ ਬਲਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਪੁਲੀਸ ਨੇ ਲਾਸ਼ ਪੋਸਟਮਾਰਟਮ ਮਗਰੋਂ ਸਬੰਧਤ ਪਰਿਵਾਰ ਦੇ ਸਪੁਰਦ ਕਰ ਦਿੱਤੀ ਹੈ। ਪੁਲੀਸ ਨੇ ਕਾਰ ਨੰਬਰ ਐੱਚਆਰ 31 ਸੀ-2627 ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਕਾਰ ਵਿੱਚ ਕਾਰ ਵੱਜਣ ਕਾਰਨ ਮਾਂ-ਪੁੱਤ ਦੀ ਮੌਤ
ਟੋਹਾਣਾ (ਪੱਤਰ ਪ੍ਰੇਰਕ): ਇੱਥੇ ਕੌਮੀ ਮਾਰਗ-9 ਦਿੱਲੀ-ਡੱਬਵਾਲੀ ਰੋਡ ‘ਤੇ ਪਿੰਡ ਗਿਲਾਖੇੜਾ ਕੋਲ ਤੇਜ਼ ਰਫ਼ਤਾਰ ਸਵਿਫ਼ਟ ਕਾਰ ਅੱਗੇ ਜਾ ਰਹੀ ਨੈਨੋ ਕਾਰ ਨਾਲ ਜਾ ਵੱਜਣ ਕਾਰਨ ਨੈਨੋ ਕਾਰ ਵਿੱਚ ਸਵਾਰ ਮਾਂ-ਪੁੱਤਰ ਦੀ ਮੌਤ ਹੋ ਗਈ ਤੇ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕਾਰ ਵਿੱਚ ਫ਼ਸੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਫਤਿਹਾਬਾਦ ਦੇ ਨਾਗਰਿਕ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਓਮ ਪ੍ਰਕਾਸ਼ (45) ਤੇ ਉਸ ਦੀ ਮਾਂ ਸ਼ਾਂਤੀ ਦੇਵੀ (70) ਦੀ ਮੌਤ ਹੋ ਗਈ। ਜ਼ਖ਼ਮੀਆਂ ਦੀ ਪਛਾਣ ਓਮ ਪ੍ਰਕਾਸ਼ ਦੇ ਬੇਟੇ ਰੋਹਤਾਸ਼ ਅਤੇ ਰਾਕੇਸ਼ ਤੇ ਸਵਿਫਟ ਕਾਰ ਚਾਲਕ ਪੰਕਜ ਵਜੋਂ ਹੋਈ ਹੈ। ਉਨ੍ਹਾਂ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।
ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਫੇਟ ਮਾਰਨ ‘ਤੇ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ
ਸਮਾਣਾ (ਪੱਤਰ ਪ੍ਰੇਰਕ): ਇੱਥੇ ਸਮਾਣਾ-ਪਾਤੜਾ ਸੜਕ ‘ਤੇ ਮੋਟਰਸਾਈਕਲ ਸਵਾਰਾਂ ਨੂੰ ਅਣਪਛਾਤੇ ਵਾਹਨ ਵੱਲੋਂ ਫੇਟ ਮਾਰੇ ਜਾਣ ਕਾਰਨ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇੱਕ ਜਖ਼ਮੀ ਹੋ ਗਿਆ। ਜਖ਼ਮੀ ਮ੍ਰਿਤੁੰਜੇ ਨੇ ਦੱਸਿਆ ਕਿ ਮ੍ਰਿਤਕ ਸਾਗਰ (24) ਵਾਸੀ ਜ਼ਿਲ੍ਹਾ ਪੂਰਨੀਆ ਬਿਹਾਰ ਅਤੇ ਮ੍ਰਿਤਕ ਦੀਪਕ (22) ਵਾਸੀ ਜ਼ਿਲ੍ਹਾ ਭਾਗਲਪੁਰ ਬਿਹਾਰ ਜੋ ਕਿ ਐੱਨਜੀਸੀ ਪਾਈਪ ਫੈਕਟਰੀ ਵਿੱਚ ਕੰਮ ਕਰਦੇ ਸਨ। ਅੱਜ ਸ਼ਾਮ ਉਹ ਮੋਟਰਸਾਈਕਲ ‘ਤੇ ਪਾਤੜਾਂ ਰੋਡ ਸਥਿਤ ਫੈਕਟਰੀ ਵਿੱਚ ਆਪਣੇ ਮਿੱਤਰ ਨੂੰ ਮਿਲਣ ਜਾ ਰਹੇ ਸਨ, ਤਾਂ ਪਾਤੜਾਂ ਵੱਲੋਂ ਆ ਰਹੇ ਕਿਸੇ ਵਾਹਨ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਉਹ ਤਿੰਨੋਂ ਸੜਕ ‘ਤੇ ਡਿੱਗ ਗਏ ਜਿਨ੍ਹਾਂ ਵਿੱਚੋ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ। ਸਿਟੀ ਪੁਲੀਸ ਦੇ ਏਐੱਸਆਈ ਭਗਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ।
ਕਾਰ ਅਤੇ ਮੋਟਰਸਾਈਕਲ ਦੀ ਟੱਕਰ , ਇੱਕ ਮੌਤ
ਦੇਵੀਗੜ੍ਹ (ਪੱਤਰ ਪ੍ਰੇਰਕ): ਇੱਥੇ ਦੇਵੀਗੜ੍ਹ-ਪਟਿਆਲਾ ਮਾਰਗ ‘ਤੇ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਚੌਕੀ ਭੁੱਨਰਹੇੜੀ ਅਧੀਨ ਕਸਬਾ ਭੁੱਨਰਹੇੜੀ ਦੇ ਬੱਸ ਅੱਡੇ ਤੇ ਮੁਕੇਸ਼ ਕੁਮਾਰ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ ਕਿ ਕਾਰ ਨੰਬਰ ਐੱਚਆਰ 07 ਏਬੀ 4580 ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਮੁਕੇਸ਼ ਕੁਮਾਰ ਦੀ ਮੌਤ ਹੋ ਗਈ। ਇਹ ਜਾਣਕਾਰੀ ਕੁਲਦੀਪ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਖੇੜੀ ਸੀਸ ਗਰਾਂ ਜ਼ਿਲ੍ਹਾ ਕੁਰੂਕਸ਼ੇਤਰ ਨੇ ਦਿੱਤੀ। ਪੁਲੀਸ ਚੌਕੀ ਭੁੱਨਰਹੇੜੀ ਦੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।