ਜੇਲ੍ਹ ’ਚ ਕੈਦੀਆਂ ਦੇ ਹਮਲੇ ਕਾਰਨ ਛੇ ਹਵਾਲਾਤੀ ਜ਼ਖ਼ਮੀ
ਸ਼ਗਨ ਕਟਾਰੀਆ
ਬਠਿੰਡਾ, 31 ਜਨਵਰੀ
ਇੱਥੋਂ ਦੀ ਉੱਚ ਸੁਰੱਖਿਆ ਕੇਂਦਰੀ ਜੇਲ੍ਹ ਵਿਚਲੇ ਕਲੀਨਿਕ ’ਚ ਦਵਾਈ ਲੈਣ ਗਏ ਹਵਾਲਾਤੀਆਂ ’ਤੇ ਵਿਰੋਧੀ ਧੜੇ ਦੇ ਕੈਦੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲੇ ਵਿੱਚ 6 ਹਵਾਲਾਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਇੱਕ ਦੇ ਸਿਰ ’ਤੇ 17 ਟਾਂਕੇ ਲੱਗੇ ਹਨ।
ਇੱਥੇ ਸਿਵਲ ਹਸਪਤਾਲ ’ਚ ਜ਼ਖ਼ਮੀ ਹਵਾਲਾਤੀਆਂ ’ਚੋਂ ਪਰਗਟ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਜੇਲ੍ਹ ਦੀ ਕਲੀਨਿਕ ’ਚ ਇਲਾਜ ਲਈ ਗਏ ਸਨ, ਜਿੱਥੇ ਦੂਜੇ ਧੜੇ ਨੇ ਹਮਲਾ ਕਰ ਦਿੱਤਾ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਗੁਰਮੇਲ ਸਿੰਘ ਅਨੁਸਾਰ ਸਾਰੇ ਜ਼ਖ਼ਮੀ ਹਵਾਲਾਤੀਆਂ ਦਾ ਇਲਾਜ ਜਾਰੀ ਹੈ ਅਤੇ ਸਾਰੇ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲੀਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ।
ਜੇਲ੍ਹ ’ਚ ਤਾਇਨਾਤ ਹੈੱਡ ਕਾਂਸਟੇਬਲ ਤੋਂ ਹੈਰੋਇਨ ਮਿਲੀ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਕੇਂਦਰੀ ਜੇਲ੍ਹ ’ਚ ਤਾਇਨਾਤ ਪੰਜਾਬ ਆਰਮਡ ਪੁਲੀਸ (ਪੀਏਪੀ) ਦੇ ਹੈੱਡ ਕਾਂਸਟੇਬਲ ਤਸਵੀਰ ਸਿੰਘ ਦੀ ਕਥਿਤ ਤਲਾਸ਼ੀ ਦੌਰਾਨ ਉਸ ਕੋਲੋਂ 15 ਗ੍ਰਾਮ ਹੈਰੋਇਨ ਅਤੇ 4 ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਉਸ ਖ਼ਿਲਾਫ਼ ਥਾਣਾ ਕੈਂਟ ਬਠਿੰਡਾ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਕੇਸ ਦਰਜ ਹੋਇਆ ਹੈ। ਜੇਲ੍ਹ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਤਸਵੀਰ ਸਿੰਘ ਜੇਲ੍ਹ ਦੇ ਅੰਦਰ ਕੈਦੀਆਂ ਅਤੇ ਹਵਾਲਾਤੀਆਂ ਨੂੰ ਨਸ਼ੀਲੇ ਪਦਾਰਥ ਪਹੁੰਚਾਉਂਦਾ ਹੈ।