ਛੇ ਭਾਰਤੀ-ਅਮਰੀਕੀਆਂ ਨੇ ਅਮਰੀਕੀ ਪ੍ਰਤੀਨਿਧ ਸਦਨ ਦੇ ਮੈਂਬਰ ਵਜੋਂ ਹਲਫ਼ ਲਿਆ
ਵਾਸ਼ਿੰਗਟਨ, 4 ਜਨਵਰੀ
ਛੇ ਭਾਰਤੀ-ਅਮਰੀਕੀ ਆਗੂਆਂ ਨੇ ਅਮਰੀਕੀ ਪ੍ਰਤੀਨਿਧ ਸਦਨ ਦੇ ਮੈਂਬਰ ਵਜੋਂ ਹਲਫ ਲਿਆ ਹੈ। ਉਂਝ ਇਹ ਪਹਿਲੀ ਵਾਰ ਹੈ ਜਦੋਂ ਇਕੋ ਵੇਲੇ ਛੇ ਭਾਰਤੀ ਅਮਰੀਕੀਆਂ ਨੇ ਪ੍ਰਤੀਨਿਧ ਸਦਨ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ ਹੈ। ਇਨ੍ਹਾਂ ਵਿਚ ਡਾ. ਐਮੀ ਬੇਰਾ, ਸੁਹਾਸ ਸੁਬਰਾਮਨੀਅਮ, ਸ੍ਰੀ ਥਾਨੇਦਾਰ, ਰੋਅ ਖੰਨਾ, ਰਾਜਾ ਕ੍ਰਿਸ਼ਨਾਮੂਰਤੀ ਤੇ ਪ੍ਰਮਿਲਾ ਜੈਪਾਲ ਸ਼ਾਮਲ ਹਨ।
ਸੰਸਦ ਮੈਂਬਰ ਡਾ.ਐਮੀ ਬੇਰਾ ਨੇ ਐਕਸ ਉੱਤੇ ਇਕ ਪੋਸਟ ਵਿਚ ਕਿਹਾ, ‘‘ਜਦੋਂ 12 ਸਾਲ ਪਹਿਲਾਂ ਮੈਂ ਪਹਿਲੀ ਵਾਰ ਹਲਫ਼ ਲਿਆ ਸੀ ਉਦੋਂ ਮੈਂ ਭਾਰਤੀ-ਅਮਰੀਕੀ ਭਾਈਚਾਰੇ ਦਾ ਇਕਲੌਤਾ ਤੇ ਅਮਰੀਕੀ ਇਤਿਹਾਸ ਵਿਚ ਤੀਜਾ ਐੱਮਪੀ ਸੀ। ਹੁਣ ਅਸੀਂ ਛੇ ਜਣੇ ਹਾਂ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿਚ ਅਮਰੀਕੀ ਸੰਸਦ ਵਿਚ ਸਾਡੇ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਵਧੇਗੀ।’’ ਬੇਰਾ ਨੇ ਕੈਲੀਫੋਰਨੀਆ ਤੋਂ ਪ੍ਰਤੀਨਿਧ ਵਜੋਂ ਲਗਾਤਾਰ ਸੱਤਵੀਂ ਵਾਰ ਹਲਫ਼ ਲਿਆ ਹੈ। ਉਨ੍ਹਾਂ ਸਾਰੇੇ ਛੇ ਭਾਰਤੀ ਅਮਰੀਕੀ ਸੰਸਦ ਮੈਂਬਰਾਂ ਦੀ ਤਸਵੀਰ ਵੀ ਪੋਸਟ ਕੀਤੀ ਹੈ। ਸੁਹਾਸ ਸੁਬਰਾਮਨੀਅਨ ਨੇ ਪਹਿਲੀ ਵਾਰ ਹਲਫ਼ ਲਿਆ ਹੈ। ਉਧਰ ਖੰਨਾ, ਕ੍ਰਿਸ਼ਨਾਮੂਰਤੀ ਤੇ ਜੈਪਾਲ ਨੇ ਲਗਾਤਾਰ ਪੰਜਵੀਂ ਵਾਰ ਹਲਫ਼ ਲਿਆ ਹੈ। -ਪੀਟੀਆਈ