ਛੇ ਭਾਰਤੀ-ਅਮਰੀਕੀਆਂ ਨੇ ਪ੍ਰਤੀਨਿਧ ਸਭਾ ਦੇ ਮੈਂਬਰ ਵਜੋਂ ਹਲਫ਼ ਲਿਆ
ਵਾਸ਼ਿੰਗਟਨ, 4 ਜਨਵਰੀ
ਛੇ ਭਾਰਤੀ-ਅਮਰੀਕੀ ਆਗੂਆਂ ਨੇ ਅੱਜ ਅਮਰੀਕੀ ਪ੍ਰਤੀਨਿਧ ਸਭਾ ਦੇ ਮੈਂਬਰ ਵਜੋਂ ਹਲਫ਼ ਲਿਆ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਇਕੋ ਸਮੇਂ ਇੰਨੀ ਵੱਡੀ ਗਿਣਤੀ ’ਚ ਭਾਰਤੀ-ਅਮਰੀਕੀਆਂ ਨੇ ਪ੍ਰਤੀਨਿਧ ਸਭਾ ਦੇ ਮੈਂਬਰ ਵਜੋਂ ਹਲਫ਼ ਲਿਆ ਹੈ। ਡੈਮੋਕਰੋਟਿਕ ਪਾਰਟੀ ਨਾਲ ਸਬੰਧਤ ਸੰਸਦ ਮੈਂਬਰਾਂ ’ਚ ਡਾਕਟਰ ਅਮੀ ਬੇਰਾ, ਸੁਹਾਸ ਸੁਬਰਾਮਣੀਅਨ, ਸ੍ਰੀ ਥਾਨੇਦਾਰ, ਰੋ ਖੰਨਾ, ਰਾਜਾ ਕ੍ਰਿਸ਼ਨਾਮੂਰਤੀ ਅਤੇ ਪ੍ਰਮਿਲਾ ਜੈਪਾਲ ਸ਼ਾਮਲ ਹਨ। ਕਾਂਗਰਸਮੈਨ ਅਮੀ ਬੇਰਾ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘‘ਜਦੋਂ 12 ਸਾਲ ਪਹਿਲਾਂ ਮੈਂ ਪਹਿਲੀ ਵਾਰ ਹਲਫ਼ ਲਿਆ ਸੀ ਤਾਂ ਮੈਂ ਭਾਰਤੀ-ਅਮਰੀਕੀ ਫਿਰਕੇ ਦਾ ਇਕਲੌਤਾ ਸੰਸਦ ਮੈਂਬਰ ਸੀ ਅਤੇ ਅਮਰੀਕੀ ਇਤਿਹਾਸ ’ਚ ਤੀਜਾ। ਹੁਣ ਅਸੀਂ ਛੇ ਸੰਸਦ ਮੈਂਬਰ ਹਾਂ। ਮੈਨੂੰ ਉਮੀਦ ਹੈ ਕਿ ਆਉਂਦੇ ਸਾਲਾਂ ’ਚ ਅਮਰੀਕੀ ਸੰਸਦ ’ਚ ਸਾਡੇ ਫਿਰਕੇ ਦੇ ਲੋਕਾਂ ਦੀ ਗਿਣਤੀ ਹੋਰ ਵਧੇਗੀ।’’ ਬੇਰਾ ਕੈਲੀਫੋਰਨੀਆ ਤੋਂ ਚੁਣੇ ਗਏ ਹਨ ਅਤੇ ਉਨ੍ਹਾਂ ਲਗਾਤਾਰ ਸੱਤਵੀਂ ਵਾਰ ਹਲਫ਼ ਲਿਆ ਹੈ। ਉਨ੍ਹਾਂ ਸਾਰੇ ਛੇ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਦੀ ਤਸਵੀਰ ਵੀ ਪੋਸਟ ਕੀਤੀ ਹੈ। ਪ੍ਰਤੀਨਿਧ ਸਭਾ ਦੇ ਮੈਂਬਰ ਵਜੋਂ ਸੁਹਾਸ ਸੁਬਰਾਮਣਿਅਨ ਨੇ ਪਹਿਲੀ ਵਾਰ ਹਲਫ਼ ਲਿਆ। ਖੰਨਾ, ਕ੍ਰਿਸ਼ਨਾਮੂਰਤੀ ਅਤੇ ਜੈਪਾਲ ਲਗਾਤਾਰ ਪੰਜਵੀਂ ਵਾਰ ਸੰਸਦ ਮੈਂਬਰ ਬਣੇ ਹਨ। -ਪੀਟੀਆਈ
ਮਾਈਕ ਜੌਹਨਸਨ ਮੁੜ ਤੋਂ ਸਪੀਕਰ ਬਣੇ
ਵਾਸ਼ਿੰਗਟਨ: ਰਿਪਬਲਿਕਨ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਮਾਈਕ ਜੌਹਨਸਨ ਪ੍ਰਤੀਨਿਧ ਸਭਾ ਦੇ ਮੁੜ ਤੋਂ ਸਪੀਕਰ ਚੁਣੇ ਗਏ ਹਨ। ਰਿਪਬਲਿਕਨ ਪਾਰਟੀ ਕੋਲ ਸਦਨ ’ਚ 219 ਸੀਟਾਂ ਹਨ ਜਦਕਿ ਡੈਮੋਕਰੈਟਿਕ ਪਾਰਟੀ ਦੇ 215 ਮੈਂਬਰ ਹਨ। ਜੌਹਨਸਨ ਨੂੰ 218 ਵੋਟ ਮਿਲੇ ਜਦਕਿ ਡੈਮੋਕਰੈਟਿਕ ਪਾਰਟੀ ਦੇ ਹਕੀਮ ਜੈਫਰੀਜ਼ ਨੂੰ 215 ਵੋਟਾਂ ਮਿਲੀਆਂ। ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੌਹਨਸਨ ਨੂੰ ਸਪੀਕਰ ਚੁਣੇ ਜਾਣ ’ਤੇ ਵਧਾਈ ਦਿੱਤੀ। ਇਸ ਮਗਰੋਂ ਜੌਹਨਸਨ ਨੇ 119ਵੀਂ ਕਾਂਗਰਸ ਦੇ ਮੈਂਬਰਾਂ ਨੂੰ ਹਲਫ਼ ਦਿਵਾਇਆ। -ਪੀਟੀਆਈ