ਕੈਂਟਰ ਪਲਟਣ ਕਾਰਨ ਛੇ ਸ਼ਰਧਾਲੂ ਜ਼ਖ਼ਮੀ
ਜਸਵੰਤ ਜੱਸ
ਫ਼ਰੀਦਕੋਟ, 10 ਜੂਨ
ਪੀਰ ਨਗਾਹੇ ਵਾਲੇ ਤੋਂ ਮੱਥਾ ਟੇਕ ਕੇ ਫ਼ਰੀਦਕੋਟ ਵਾਪਸ ਪਰਤ ਰਹੇ ਸ਼ਰਧਾਲੂਆਂ ਦਾ ਕੈਂਟਰ ਪਿੰਡ ਟਹਿਣਾ ਨਜ਼ਦੀਕ ਪਲਟ ਗਿਆ। ਇਸ ਕਾਰਨ ਛੇ ਸ਼ਰਧਾਲੂ ਜ਼ਖ਼ਮੀ ਹੋ ਗਏ। ਸੂਚਨਾ ਅਨੁਸਾਰ ਉਨੀਂਦਰਾ ਹੋਣ ਕਾਰਨ ਕੈਂਟਰ ਚਾਲਕ ਦੀ ਅੱਖ ਲੱਗ ਗਈ ਜਿਸ ਕਾਰਨ ਕੈਂਟਰ ਪਲਟ ਗਿਆ। ਇਸ ਹਾਦਸੇ ਵਿੱਚ ਬਲਦੇਵ ਕੌਰ, ਜਗਸੀਰ ਸਿੰਘ, ਲਖਵਿੰਦਰ ਸਿੰਘ, ਰਾਜਾ ਸਿੰਘ, ਅੰਗਰੇਜ਼ ਸਿੰਘ ਤੇ ਗੁਰਵਿੰਦਰ ਸਿੰਘ ਮਚਾਕੀ ਖੁਰਦ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਮਰੀਜ਼ਾਂ ਦਾ ਪਤਾ ਲੈਣ ਪੁੱਜੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਗੰਭੀਰ ਸੱਟਾਂ ਨਹੀਂ ਵੱਜੀਆਂ। ਐਮਰਜੈਂਸੀ ਵਿਭਾਗ ਦੇ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਸਦਰ ਪੁਲੀਸ ਫ਼ਰੀਦਕੋਟ ਨੇ ਹਾਦਸਾ ਗ੍ਰਸਤ ਵਾਹਨ ਨੂੰ ਸੜਕ ਤੋਂ ਪਾਸੇ ਹਟਾ ਕੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ‘ਚ ਅਜੇ ਤੱਕ ਕਿਸੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਸੜਕ ਹਾਦਸੇ ਵਿੱਚ ਨੌਜਵਾਨ ਹਲਾਕ
ਬਠਿੰਡਾ (ਪੱਤਰ ਪ੍ਰੇਰਕ): ਲਹਿਰਾ ਬੇਗਾ ਨੇੜੇ ਬਰਨਾਲਾ ਰੋਡ ‘ਤੇ ਬਠਿੰਡਾ ਵੱਲ ਆ ਰਹੀ ਇੱਕ ਕਾਰ ਬੀਤੀ ਰਾਤ ਕਰੀਬ 11.30 ਵਜੇ ਟਰੱਕ ਨਾਲ ਟਕਰਾ ਗਈ। ਹਾਦਸੇ ‘ਚ ਕਾਰ ਚਕਨਾਚੂਰ ਹੋ ਗਈ ਅਤੇ ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਵਾਲੰਟੀਅਰ ਹਰਸ਼ਿਤ ਚਾਵਲਾ, ਰਾਜਵਿੰਦਰ ਜਵੰਧਾ, ਸੰਦੀਪ ਵਰਮਾ ਨੇ ਮੌਕੇ ‘ਤੇ ਪਹੁੰਚ ਕੇ ਕਾਰ ਵਿੱਚ ਫਸੀ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦੀ ਪਛਾਣ ਪ੍ਰਭਜੋਤ ਸਿੰਘ (31) ਪੁੱਤਰ ਲਛਮਣ ਸਿੰਘ ਵਜੋਂ ਹੋਈ ਹੈ। ਪ੍ਰਭਜੋਤ ਲੁਧਿਆਣਾ ਤੋਂ ਬਠਿੰਡਾ ਆ ਰਿਹਾ ਸੀ। ਭੁੱਚੋ ਪੁਲੀਸ ਨੇ ਮੁੱਢਲੀ ਕਾਰਵਾਈ ਕਰਨ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ।