For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਪ੍ਰਦੇਸ਼ ’ਚ ਢਿੱਗਾਂ ਡਿੱਗਣ ਕਾਰਨ ਛੇ ਮੌਤਾਂ

08:05 AM Jul 10, 2023 IST
ਹਿਮਾਚਲ ਪ੍ਰਦੇਸ਼ ’ਚ ਢਿੱਗਾਂ ਡਿੱਗਣ ਕਾਰਨ ਛੇ ਮੌਤਾਂ
ਕੁੱਲੂ ਵਿੱਚ ਭਾਰੀ ਮੀਂਹ ਕਾਰਨ ਬਿਆਸ ਦਰਿਆ ਵਿੱਚ ਵਧੇ ਪਾਣੀ ਦੇ ਵਹਾਅ ਦੀ ਲਪੇਟ ’ਚ ਆਈਆਂ ਝੁੱਗੀਆਂ-ਝੌਂਪਡ਼ੀਆਂ। -ਫੋਟੋ: ਏਐੱਨਆਈ
Advertisement

ਸ਼ਿਮਲਾ, 9 ਜੁਲਾਈ
ਹਿਮਾਚਲ ਪ੍ਰਦੇਸ਼ ’ਚ ਮੋਹਲੇਧਾਰ ਮੀਂਹ ਮਗਰੋਂ ਢਿੱਗਾਂ ਡਿੱਗਣ ਅਤੇ ਅਚਾਨਕ ਆਏ ਹੜ੍ਹਾਂ ਕਾਰਨ ਛੇ ਵਿਅਕਤੀ ਮਾਰੇ ਗਏ। ਕਈ ਮਕਾਨਾਂ ਨੂੰ ਨੁਕਸਾਨ ਪਹੁੰਚਣ ਅਤੇ ਆਮ ਜਨ-ਜੀਵਨ ਲੀਹੋਂ ਲੱਥਣ ਕਾਰਨ ਅਧਿਕਾਰੀਆਂ ਨੇ ਦੋ ਦਿਨਾਂ ਲਈ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਅਧਿਕਾਰੀਆਂ ਮੁਤਾਬਕ ਰਾਵੀ, ਬਿਆਸ, ਸਤਲੁਜ, ਸਵਾਂ ਅਤੇ ਚਨਾਬ ਸਮੇਤ ਸਾਰੇ ਮੁੱਖ ਦਰਿਆ ਚੜ੍ਹੇ ਹੋਏ ਹਨ। ਉਨ੍ਹਾਂ ਸੈਲਾਨੀਆਂ ਅਤੇ ਸੂਬੇ ਦੇ ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਹਿਮਾਚਲ ’ਚ ਪਿਛਲੇ 36 ਘੰਟਿਆਂ ਦੌਰਾਨ ਢਿੱਗਾਂ ਡਿੱਗਣ ਦੀਆਂ 14 ਅਤੇ ਅਚਾਨਕ ਹੜ੍ਹ ਆਉਣ ਦੀਆਂ 13 ਘਟਨਾਵਾਂ ਵਾਪਰੀਆਂ ਹਨ। ਪ੍ਰਦੇਸ਼ ਐਮਰਜੈਂਸੀ ਅਪਰੇਸ਼ਨ ਸੈਂਟਰ ਮੁਤਾਬਕ ਸ਼ਿਮਲਾ ਜ਼ਿਲ੍ਹੇ ਸਮੇਤ ਸੂਬੇ ’ਚ 736 ਸੜਕਾਂ ਬੰਦ ਹੋ ਚੁੱਕੀਆਂ ਹਨ ਜਦਕਿ 1743 ਟਰਾਂਸਫਾਰਮਰ ਅਤੇ 138 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ। ਕੁੱਲੂ, ਕਿੰਨੌਰ ਅਤੇ ਚੰਬਾ ’ਚ ਨਾਲੇ ’ਚ ਅਚਾਨਕ ਆਏ ਹੜ੍ਹ ਕਾਰਨ ਕਈ ਵਾਹਨ ਰੁੜ੍ਹ ਗਏ। ਮਨਾਲੀ ’ਚ ਕਈ ਦੁਕਾਨਾਂ ਅਤੇ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਸ਼ਿਮਲਾ ਜ਼ਿਲ੍ਹੇ ਦੇ ਕੋਟਗੜ੍ਹ ਇਲਾਕੇ ’ਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਧੱਸਣ ਨਾਲ ਇਕ ਮਕਾਨ ਢਹਿ-ਢੇਰੀ ਹੋ ਗਿਆ ਜਿਸ ’ਚ ਪਰਿਵਾਰ ਦੇ ਤਿੰਨ ਮੈਂਬਰ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਅਨਿਲ, ਉਸ ਦੀ ਪਤਨੀ ਕਿਰਨ ਅਤੇ ਪੁੱਤਰ ਸਵਪਨਿਲ ਵਜੋਂ ਹੋਈ ਹੈ। ਕੁੱਲੂ ਨੇੜੇ ਇਕ ਕੱਚੇ ਮਕਾਨ ’ਤੇ ਢਿੱਗਾਂ ਡਿੱਗਣ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਚੰਬਾ ਦੀ ਕਾਟੀਆਂ ਤਹਿਸੀਲ ’ਚ ਢਿੱਗਾਂ ਹੇਠ ਦੱਬਣ ਕਾਰਨ ਇਕ ਹੋਰ ਵਿਅਕਤੀ ਮਾਰਿਆ ਗਿਆ। ਲਾਹੌਲ ਅਤੇ ਸਪਿਤੀ ਦੇ ਚੰਦਰਤਾਲ ’ਚ 200 ਵਿਅਕਤੀ ਫਸ ਗਏ ਹਨ। ਐੱਸਪੀ ਮਾਯੰਕ ਚੌਧਰੀ ਨੇ ਕਿਹਾ ਕਿ ਲੋਕ ਸੁਰੱਖਿਅਤ ਹਨ ਅਤੇ ਸੜਕ ਚਾਲੂ ਹੋਣ ’ਤੇ ਉਨ੍ਹਾਂ ਨੂੰ ਇਕ-ਦੋ ਦਿਨਾਂ ’ਚ ਕੱਢ ਲਿਆ ਜਾਵੇਗਾ। ਮੰਡੀ ਤੋਂ ਕੁੱਲੂ, ਗ੍ਰਾਂਫੂ ਤੋਂ ਲੋਕਾਰ, ਕੁੱਲੂ ਤੋਂ ਮਨਾਲੀ, ਓਟ ਤੋਂ ਜਾਲੋਰੀ ਅਤੇ ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਨੇੜੇ ਰੋਹੜੂ ਤੋਂ ਪਾਉਟਾ ਸਾਹਿਬ ਸਮੇਤ ਕਈ ਕੌਮੀ ਰਾਜਮਾਰਗ ਠੱਪ ਹੋ ਗਏ ਹਨ। ਮਨਾਲੀ ਨੇੜੇ ਮਨਾਲੀ-ਚੰਡੀਗੜ੍ਹ ਮਾਰਗ ਵੀ ਧੱਸ ਗਿਆ ਹੈ। ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਕਿਹਾ ਕਿ ਢਿੱਗਾਂ ਡਿੱਗਣ ਕਾਰਨ ਕੁੱਲੂ-ਮਨਾਲੀ ਸੜਕ ਕਈ ਥਾਵਾਂ ’ਤੇ ਬੰਦ ਹੋ ਗਈ ਹੈ। ਰਾਮਸ਼ੇਲਾ ਨੇੜੇ ਬਿਆਸ ਦਰਿਆ ਚੜ੍ਹਨ ਕਾਰਨ ਕੁੱਲੂ ਤੋਂ ਮਨਾਲੀ ਅਤੇ ਮਨਾਲੀ ਤੋਂ ਅਟਲ ਸੁਰੰਗ ਤੱਕ ਆਵਾਜਾਈ ਰੋਕ ਦਿੱਤੀ ਗਈ ਹੈ। ਪਟੜੀਆਂ ’ਤੇ ਢਿੱਗਾਂ ਅਤੇ ਰੁਖ ਡਿੱਗਣ ਕਾਰਨ ਸ਼ਿਮਲਾ ਅਤੇ ਕਾਲਕਾ ਵਿਚਕਾਰ ਚੱਲਣ ਵਾਲੀਆਂ ਸਾਰੀਆਂ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

Advertisement

ਸ਼ਿਮਲਾ ਜ਼ਿਲ੍ਹੇ ’ਚ ਮੀਂਹ ਕਾਰਨ ਡਿੱਗੇ ਇੱਕ ਘਰ ਦੇ ਮਲਬੇ ਨੇੜੇ ਇਕੱਠੇ ਹੋਏ ਲੋਕ। -ਫੋਟੋ: ਪੀਟੀਆਈ

ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਚਡੋਲ ਨੇੜੇ ਇਕ ਵਾਹਨ ’ਤੇ ਚੱਟਾਨ ਡਿੱਗਣ ਕਾਰਨ ਚਾਰ ਸੈਲਾਨੀ ਵਾਲ ਵਾਲ ਬਚ ਗਏ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ। ਸੁੰਡੋ-ਕਾਜ਼ਾ-ਗਰੰਫੂ ਰਾਜਮਾਰਗ ’ਤੇ ਗਰੰਫੂ ਅਤੇ ਛੋਟਾ ਢਾਰਾ ਵਿਚਕਾਰ ਫਸੇ 30 ਵਿਦਿਆਰਥੀਆਂ ਨੂੰ ਲਾਹੌਲ ਅਤੇ ਸਪਿਤੀ ਦੇ ਅਧਿਕਾਰੀਆਂ ਨੇ ਬਚਾਇਆ। ਬਿਲਾਸਪੁਰ ’ਚ ਨੰਗਲ ਡੈਮ ’ਤੇ ਸਭ ਤੋਂ ਜ਼ਿਆਦਾ 282.5 ਐੱਮਐੱਮ ਮੀਂਹ ਪਿਆ ਹੈ। ਦੇਹਰਾ ਗੋਪੀਪੁਰ ’ਚ 175.4, ਊਨਾ ’ਚ 166.2, ਚੰਬਾ 146.5, ਡਲਹੌਜ਼ੀ ’ਚ 143, ਨਾਹਨ ਤੇ ਮਨਾਲੀ ’ਚ 131.2, ਬਿਲਾਸਪੁਰ ’ਚ 130, ਧਰਮਸ਼ਾਲਾ ’ਚ 126.4, ਸੋਲਨ’ਚ 107, ਭੁੰਤਰ ’ਚ 101, ਮੰਡੀ ’ਚ 80 ਅਤੇ ਸ਼ਿਮਲਾ ’ਚ 79.4 ਐੱਮਐੱਮ ਮੀਂਹ ਪਿਆ ਹੈ। -ਪੀਟੀਆਈ

ਸ਼ਾਹ ਨੇ ਭਗਵੰਤ ਮਾਨ ਅਤੇ ਸੁੱਖੂ ਤੋਂ ਹਾਲਾਤ ਦੀ ਲਈ ਜਾਣਕਾਰੀ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਹਲੇਧਾਰ ਮੀਂਹ ਮਗਰੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਅਤੇ ਦਿੱਲੀ ਤੇ ਜੰਮੂ ਕਸ਼ਮੀਰ ਦੇ ਉਪ ਰਾਜਪਾਲਾਂ ਨਾਲ ਫੋਨ ’ਤੇ ਗੱਲਬਾਤ ਕਰਕੇ ਉਥੇ ਵਿਗੜੇ ਹਾਲਾਤ ਦਾ ਜਾਇਜ਼ਾ ਲਿਆ। ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਸਾਰਿਆਂ ਨੂੰ ਹਾਲਾਤ ਨਾਲ ਸਿੱਝਣ ਲਈ ਕੇਂਦਰ ਤੋਂ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਗੱਲਬਾਤ ਕਰਕੇ ਦੋਵੇਂ ਸੂਬਿਆਂ ’ਚ ਹੋਏ ਨੁਕਸਾਨ ਦੀ ਜਾਣਕਾਰੀ ਵੀ ਹਾਸਲ ਕੀਤੀ। ਸੂਤਰਾਂ ਨੇ ਕਿਹਾ ਕਿ ਸ਼ਾਹ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੋਂ ਅਮਰਨਾਥ ਯਾਤਰਾ ਬਾਰੇ ਜਾਣਕਾਰੀ ਹਾਸਲ ਕੀਤੀ ਜੋ ਮੋਹਲੇਧਾਰ ਮੀਂਹ ਅਤੇ ਖ਼ਰਾਬ ਮੌਸਮ ਕਰਨ ਮੁਅੱਤਲ ਕੀਤੀ ਗਈ ਸੀ। ਅਮਰਨਾਥ ਯਾਤਰਾ ਐਤਵਾਰ ਨੂੰ ਪੰਜਤਰਨੀ ਅਤੇ ਸ਼ੇਸ਼ਨਾਗ ਕੈਂਪਾਂ ਤੋਂ ਮੁੜ ਸ਼ੁਰੂ ਹੋ ਗਈ ਹੈ। ਆਸਮਾਨ ਸਾਫ਼ ਹੋਣ ਮਗਰੋਂ ਪਵਿੱਤਰ ਗੁਫ਼ਾ ਦੇ ਦਰਸ਼ਨਾਂ ਲਈ ਅੱਜ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ ਉਥੇ ਰੁਕੇ ਸ਼ਰਧਾਲੂ ਨਤਮਸਤਕ ਹੋਏ। -ਪੀਟੀਆਈ

Advertisement
Tags :
Author Image

Advertisement
Advertisement
×