For the best experience, open
https://m.punjabitribuneonline.com
on your mobile browser.
Advertisement

ਲੁੱਟ ਦੀ ਯੋਜਨਾ ਘੜਨ ਦੇ ਮਾਮਲੇ ’ਚੋਂ ਛੇ ਮੁਲਜ਼ਮ ਬਰੀ

06:30 AM Sep 02, 2024 IST
ਲੁੱਟ ਦੀ ਯੋਜਨਾ ਘੜਨ ਦੇ ਮਾਮਲੇ ’ਚੋਂ ਛੇ ਮੁਲਜ਼ਮ ਬਰੀ
Advertisement

ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 1 ਸਤੰਬਰ
ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਕਰੀਬ ਨੌਂ ਸਾਲ ਪੁਰਾਣੇ ਕੇਸ ਦਾ ਨਿਬੇੜਾ ਕਰਦਿਆਂ ਗੈਂਗਸਟਰ ਰਵਿੰਦਰ ਸਿੰਘ ਉਰਫ਼ ਕਾਲੀ ਸ਼ੂਟਰ ਸਣੇ ਛੇ ਹੋਰਨਾਂ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰ ਦਿੱਤਾ। ਮੁਲਜ਼ਮਾਂ ਵਿੱਚ ਕਾਲੀ ਸ਼ੂਟਰ ਤੇ ਅਮਨਦੀਪ ਸਿੰਘ ਜੋਸ਼ੀ ਵਾਸੀ ਬਲੌਂਗੀ, ਇੰਦਰਪ੍ਰੀਤ ਸਿੰਘ ਪੈਰੀ ਵਾਸੀ ਸੈਕਟਰ-33ਸੀ ਚੰਡੀਗੜ੍ਹ, ਚਰਨਜੀਤ ਸਿੰਘ ਵਾਸੀ ਸੈਕਟਰ-56 ਚੰਡੀਗੜ੍ਹ, ਜੁਗਰਾਜ ਸਿੰਘ ਵਾਸੀ ਸੈਕਟਰ-41 ਚੰਡੀਗੜ੍ਹ ਤੇ ਹਰਜੀਵਨਜੋਤ ਸਿੰਘ ਵਾਸੀ ਕੋਟਕਪੂਰਾ ਸ਼ਾਮਲ ਸਨ। ਇਨ੍ਹਾਂ ਖ਼ਿਲਾਫ਼ 2015 ਵਿੱਚ ਲੁੱਟ ਦੀ ਸਾਜ਼ਿਸ਼ ਰਚਣ ਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਮੁਹਾਲੀ ਅਦਾਲਤ ਵਿੱਚ ਵਿਚਾਰ ਅਧੀਨ ਸੀ।
ਬਚਾਅ ਪੱਖ ਦੇ ਵਕੀਲ ਕਰਨ ਸੌਫ਼ਤ ਨੇ ਅਦਾਲਤ ਨੂੰ ਦੱਸਿਆ ਕਿ ਪੇਸ਼ ਸਬੂਤਾਂ ਤੋਂ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਮੁਲਜ਼ਮ ਲੁੱਟ ਦੀ ਯੋਜਨਾ ਬਣਾ ਰਹੇ ਸਨ। ਪੁਲੀਸ ਨੇ ਮੰਨਿਆ ਕਿ ਘਟਨਾ ਪਾਲਕੀ ਪੈਲੇਸ ਬਲੌਂਗੀ ਦੀ ਹੈ, ਜੋ ਨੈਸ਼ਨਲ ਹਾਈਵੇਅ ’ਤੇ ਹੈ ਅਤੇ ਇੱਥੇ ਹੇਠਲੀ ਸੜਕ ’ਤੇ ਬਹੁਤ ਸਾਰੀਆਂ ਦੁਕਾਨਾਂ ਹਨ। ਗਵਾਹਾਂ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਸਾਰੀਆਂ ਦੁਕਾਨਾਂ ਬੰਦ ਸਨ ਪਰ ਚੰਡੀਗੜ੍ਹ ਤੋਂ ਖਰੜ ਤੱਕ ਸੜਕ ’ਤੇ ਸੰਘਣੀ ਆਬਾਦੀ ਹੈ। ਹਾਲਾਂਕਿ ਹੌਲਦਾਰ ਬਲਵਿੰਦਰ ਸਿੰਘ ਨੇ ਮੁਲਜ਼ਮਾਂ ਕੋਲੋਂ ਬਰਾਮਦ ਹਥਿਆਰ ਅਤੇ ਕਾਰਤੂਸ ਚਾਲੂ ਹਾਲਤ ਵਿੱਚ ਹੋਣ ਦੀ ਗੱਲ ਆਖੀ ਪਰ ਜਦੋਂ ਉਸ ਕੋਲੋਂ ਤੱਥਾਂ ਬਾਰੇ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਸ ਨੇ ਕਾਰਤੂਸ ਚਲਾ ਕੇ ਹਥਿਆਰਾਂ ਦੀ ਜਾਂਚ ਨਹੀਂ ਸੀ ਕੀਤੀ। ਵਕੀਲ ਕਰਨ ਸੌਫ਼ਤ ਨੇ ਕਿਹਾ ਕਿ ਹਥਿਆਰ ਇੱਕ ਖਿਡੌਣਾ ਵੀ ਹੋ ਸਕਦਾ ਹੈ। ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਦੋਸ਼ ਮੁਕਤ ਕਰਾਰ ਦਿੰਦਿਆਂ ਬਰੀ ਕਰ ਦਿੱਤਾ।

Advertisement

Advertisement
Advertisement
Author Image

Advertisement