ਐੱਲਏਸੀ ’ਤੇ ਹਾਲਾਤ ਸਥਿਰ ਪਰ ਸੰਵੇਦਨਸ਼ੀਲ: ਜਨਰਲ ਪਾਂਡੇ
ਨਵੀਂ ਦਿੱਲੀ: ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਸਥਿਤੀ ਨੂੰ ‘ਸਥਿਰ ਪਰ ਸੰਵੇਦਨਸ਼ੀਲ’ ਕਰਾਰ ਦਿੰਦਿਆਂ ਕਿਹਾ ਕਿ ਚੀਨ ਨਾਲ ਲੱਗਦੀ ਦੇਸ਼ ਦੀ ਸਰਹੱਦ ’ਤੇ ਭਾਰਤੀ ਫੌਜੀਆਂ ਅਤੇ ਹੋਰ ਸੁਰੱਖਿਆ ਬਲਾਂ ਦੀ ਤਾਇਨਾਤੀ ‘ਬੇਹੱਦ ਮਜ਼ਬੂਤ’ ਅਤੇ ‘ਸੰਤੁਲਿਤ’ ਹੈ। ਇੱਥੇ ਇੱਕ ‘ਕਨਕਲੇਵ’ ਵਿੱਚ ਚਰਚਾ ਦੌਰਾਨ ਉਨ੍ਹਾਂ ਕਿਹਾ, ‘‘ਸਾਨੂੰ ਕਰੀਬੀ ਨਿਗਰਾਨੀ ਤੇ ਨਜ਼ਰ ਬਣਾਈ ਰੱਖਣ ਦੀ ਲੋੜ ਹੈ ਕਿ ਸਰਹੱਦ ’ਤੇ ਬੁਨਿਆਦੀ ਢਾਂਚੇ ਅਤੇ ਫੌਜੀਆਂ ਦੀ ਆਵਾਜਾਈ ਦੇ ਸਬੰਧ ਵਿੱਚ ਕਿਹੜੇ ਘਟਨਾਕ੍ਰਮ ਵਾਪਰ ਰਹੇ ਹਨ।’’ ‘ਇੰਡੀਆ ਟੂਡੇ ਕਨਕਲੇਵ 2024’ ਦੇ ਹਿੱਸੇ ਵਜੋਂ ‘ਭਾਰਤ ਤੇ ਹਿੰਦ ਪ੍ਰਸ਼ਾਂਤ: ਖ਼ਤਰੇ ਅਤੇ ਮੌਕੇ’ ਵਿਸ਼ੇ ’ਤੇ ਕਰਵਾਈ ਚਰਚਾ ਵਿੱਚ ਸ਼ਾਮਲ ਫੌਜ ਮੁਖੀ ਤੋਂ ਖੇਤਰ ਵਿੱਚ ਚੀਨ ਦੇ ਵਧਦੇ ਪ੍ਰਭਾਵ ਅਤੇ ‘ਐੱਲਏਸੀ ’ਤੇ ਸਥਿਤੀ ਵਿਗੜਨ’ ਦੀ ਸੂਰਤ ਵਿੱਚ ਭਵਿੱਖ ਦੀਆਂ ਤਿਆਰੀਆਂ ਸਬੰਧੀ ਕਈ ਸਵਾਲ ਪੁੱਛੇ ਗਏ। ਜ਼ਿਕਰਯੋਗ ਹੈ ਕਿ ਪੈਂਗੋਂਗ ਝੀਲ ਖੇਤਰ ਵਿੱਚ ਹਿੰਸਕ ਝੜਪ ਮਗਰੋਂ 5 ਮਈ 2020 ਨੂੰ ਪੂਰਬੀ ਲੱਦਾਖ਼ ਸਰਹੱਦ ’ਤੇ ਤਣਾਅ ਪੈਦਾ ਹੋ ਗਿਆ ਸੀ। -ਪੀਟੀਆਈ