ਪੂਰਬੀ ਲੱਦਾਖ ਵਿੱਚ LAC ’ਤੇ ਸਥਿਤੀ ਸੰਵੇਦਨਸ਼ੀਲ ਪਰ ਸਥਿਰ: ਜਨਰਲ ਦਿਵੇਦੀ
ਨਵੀਂ ਦਿੱਲੀ, 13 ਜਨਵਰੀ
ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਸਥਿਤੀ ਸੰਵੇਦਨਸ਼ੀਲ ਪਰ ਸਥਿਰ ਹੈ। ਜਨਰਲ ਦਿਵੇਦੀ ਨੇ ਸੈਨਾ ਦਿਵਸ ਤੋਂ ਪਹਿਲਾਂ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤਰ ’ਚ ਥੋੜੀ-ਬਹੁਤ ਖੜ੍ਹੌਤ ਹਾਲੇ ਵੀ ਬਣੀ ਹੋਈ ਹੈ ਅਤੇ ਭਾਰਤ ਦੇ ਚੀਨ ਦੀਆਂ ਸੈਨਾਵਾਂ ਵਿਚਾਲੇ ਭਰੋਸੇ ਦੀ ਬਹਾਲੀ ਲਈ ਕੋਸ਼ਿਸ਼ਾਂ ਕੀਤੇ ਜਾਣ ਦੀ ਲੋੜ ਹੈ। ਸੈਨਾ ਮੁਖੀ ਜਨਰਲ ਦਿਵੇਦੀ ਨੇ ਕਿਹਾ ਕਿ ਦੇਪਸਾਂਗ ਤੇ ਡੈਮਚੌਕ ’ਚ ਰਵਾਇਤੀ ਖੇਤਰਾਂ ’ਚ ਗਸ਼ਤ ਤੇ ਜਾਨਵਰਾਂ ਨੂੰ ਚਰਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਦੋ ਟਕਰਾਅ ਵਾਲੇ ਖੇਤਰ ਸਨ ਅਤੇ ਜਿੱਥੋਂ ਦੋਵੇਂ ਧਿਰਾਂ ਅਕਤੂਬਰ ’ਚ ਪਿੱਛੇ ਹਟ ਗਈਆਂ ਸਨ। ਉਨ੍ਹਾਂ ਕਿਹਾ, ‘ਸਾਡੀ ਤਾਇਨਾਤੀ ਮਜ਼ਬੂਤ ਹੈ ਅਤੇ ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹਾਂ।’ ਉਨ੍ਹਾਂ ਐੱਲਏਸੀ ਦੀ ਮੁਕੰਮਲ ਸਥਿਤੀ ਬਾਰੇ ਕਿਹਾ, ‘ਅਸੀਂ ਸਰਹੱਦੀ ਬੁਨਿਆਦੀ ਢਾਂਚੇ ਅਤੇ ਸਮਰੱਥਾ ਵਿਕਾਸ ਨੂੰ ਹੁਲਾਰਾ ਦੇਣ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।’ ਜੰਮੂ ਕਸ਼ਮੀਰ ਦੀ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਸਥਿਤੀ ਕਾਬੂ ਹੇਠ ਹੈ ਅਤੇ ਕੰਟਰੋਲ ਰੇਖਾ ’ਤੇ ਪਾਕਿਸਤਾਨ ਨਾਲ ਜੰਗਬੰਦੀ ਸਮਝੌਤਾ ਕਾਇਮ ਹੈ। ਨਾਲ ਹੀ ਸੈਨਾ ਮੁਖੀ ਨੇ ਕਿਹਾ ਕਿ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਪਾਕਿਸਤਾਨ ਵੱਲ ਅਤਿਵਾਦੀ ਢਾਂਚਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਾਰੇ ਗਏ 60 ਫੀਸਦ ਅਤਿਵਾਦੀ ਪਾਕਿਸਤਾਨੀ ਮੂਲ ਦੇ ਸਨ। -ਪੀਟੀਆਈ
ਮਨੀਪੁਰ ’ਚ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਜਾਰੀ
ਮਨੀਪੁਰ ਬਾਰੇ ਥਲ ਸੈਨਾ ਮੁਖੀ ਜਨਰਲ ਦਿਵੇਦੀ ਨੇ ਕਿਹਾ ਕਿ ਸੁਰੱਖਿਆ ਬਲਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਤੇ ਸਰਕਾਰ ਦੀ ਸਰਗਰਮੀ ਨਾਲ ਸੂਬੇ ’ਚ ਸਥਿਤੀ ਪਹਿਲਾਂ ਨਾਲੋਂ ਕਾਬੂ ਹੇਠ ਆ ਗਈ ਹੈ। ਸੈਨਾ ਮੁਖੀ ਨੇ ਹਾਲਾਂਕਿ ਕਿਹਾ ਕਿ ਮਨੀਪੁਰ ’ਚ ਹਿੰਸਕ ਘਟਨਾਵਾਂ ਜਾਰੀ ਹਨ ਤੇ ਹਥਿਆਰਬੰਦ ਬਲ ਖੇਤਰ ’ਚ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਮਿਆਂਮਾਰ ’ਚ ਸਥਿਤੀ ਦੇ ਕਿਸੇ ਦੀ ਪ੍ਰਭਾਵ ਨਾਲ ਨਜਿੱਠਣ ਲਈ ਭਾਰਤ-ਮਿਆਂਮਾਰ ਸਰਹੱਦ ’ਤੇ ਨਿਗਰਾਨੀ ਵਧਾ ਦਿੱਤੀ ਗਈ ਹੈ।