ਰਾਵੀ ਨੇੜੇ ਸਥਿਤੀ ਕਾਬੂ ਹੇਠ ਪਰ ਚੌਕਸ ਰਹਿਣ ਦੀ ਲੋੜ: ਧਾਲੀਵਾਲ
ਜਗਤਾਰ ਸਿੰਘ ਲਾਂਬਾ/ਡਾ. ਰਾਜਿੰਦਰ ਸਿੰਘ
ਅੰਮ੍ਰਿਤਸਰ/ਡੇਰਾ ਬਾਬਾ ਨਾਨਕ, 20 ਜੁਲਾਈ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਰਾਵੀ ਦਰਿਆ ਵਿੱਚ ਪਾਣੀ ਵਧਣ ਕਾਰਨ ਕਰਤਾਰਪੁਰ ਕੌਰੀਡੋਰ ਨੂੰ ਤਿੰਨ ਦਨਿਾਂ ਵਾਸਤੇ ਸੰਗਤਾਂ ਲਈ ਬੰਦ ਕੀਤਾ ਗਿਆ ਹੈ। ਇਸ ਸਬੰਧ ਵਿਚ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਜਨਰਲ ਮੈਨੇਜਰ ਨੂੰ ਪੱਤਰ ਭੇਜਿਆ ਗਿਆ ਹੈ, ਜਿਸ ਵਿਚ ਦਰਿਆ ਦਾ ਪਾਣੀ ਦਾ ਪੱਧਰ ਵੱਧ ਜਾਣ ਤੋਂ ਬਾਅਦ ਦੀ ਸਥਿਤੀ ਬਾਰੇ ਜਾਣੂ ਕਰਵਾਉਂਦੇ ਹੋਏ ਕੌਰੀਡੋਰ ਨੂੰ ਬੰਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਪੱਤਰ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਰਾਹੀਂ ਭੇਜਿਆ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਬੀਤੇ ਦਨਿ ਉਂਜ ਤੋਂ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ, ਜਿਸ ਵਿਚੋਂ ਪਿੰਡ ਘੋਨੇਵਾਲ ਵਿਚੋਂ 2.18 ਲੱਖ ਕਿਊਸਿਕ ਪਾਣੀ ਲੰਘ ਚੁੱਕਿਆ ਹੈ ਅਤੇ ਥੋੜ੍ਹੇ ਸਮੇਂ ਵਿੱਚ ਹੀ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰਾਵੀ ਦੇ ਹਾਲਾਤ ਨਾਜ਼ੁਕ ਹਨ ਪਰ ਸਥਿਤੀ ਕੰਟਰੋਲ ਹੇਠ ਹੈ। ਉਨ੍ਹਾਂ ਨੇ ਪਿੰਡ ਘੋਨੇਵਾਲ ਅਤੇ ਸਹਾਰਨ ਵਿਚ ਵੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਸੈਂਕੜੇ ਏਕੜ ਫਸਲਾਂ ਦਾ ਨੁਕਸਾਨ ਹੋਇਆ ਹੈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਲੋਕਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਸਰਕਾਰ ਲੋਕਾਂ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਜਨਿ੍ਹਾਂ ਥਾਵਾਂ ’ਤੇ ਧੁੱਸੀ ਬੰਨ੍ਹ ਕਮਜ਼ੋਰ ਹੈ, ਉਥੇ ਬੰਨ੍ਹ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਕਰਤਾਰਪੁਰ ਕੌਰੀਡੋਰ ਕੋਲ ਧੁੱਸੀ ਬੰਨ੍ਹ ’ਤੇ 20 ਫੁੱਟ ਬੰਨ੍ਹ ਲਾਇਆ
ਡੇਰਾ ਬਾਬਾ ਨਾਨਕ (ਨਿੱਜੀ ਪੱਤਰ ਪ੍ਰੇਰਕ): ਕਰਤਾਰਪੁਰ ਕੌਰੀਡੋਰ ਕੋਲ ਧੁੱਸੀ ਬੰਨ੍ਹ ਕੋਲ ਨੇੜਲੇ ਪਿੰਡਾਂ ਦੇ ਲੋਕਾਂ ਨੇ ਅੱਜ 20 ਫੁੱਟ ਬੰਨ੍ਹ ਬਣਾਇਆ ਹੈ ਤਾਂ ਕਿ ਰਾਵੀ ਦਰਿਆ ਦੇ ਪਾਣੀ ਦੇ ਪੱਧਰ ਕਾਰਨ ਧੁੱਸੀ ਬੰਨ੍ਹ ਨੂੰ ਕੋਈ ਨੁਕਸਾਨ ਨਾ ਪੁੱਜੇ। ਰਾਵੀ ਦਰਿਆ ਵਿਚ ਪਾਣੀ ਦਾ ਤੇਜ਼ ਵਹਾਅ ਭਾਰਤ ਪਾਕਿਸਤਾਨ ਦੀ ਜ਼ੀਰੋ ਲਾਈਨ ’ਤੇ ਹੋਣ ਕਾਰਨ ਕੌਰੀਡੋਰ ਕੋਲ ਬਣੇ ਧੁੱਸੀ ਬੰਨ੍ਹ ਨੂੰ ਖ਼ਤਰਾ ਹੋ ਸਕਦਾ ਹੈ। ਦੋਵਾਂ ਦੇਸ਼ਾਂ ਨੂੰ ਵੰਡਦੀ ਕੰਡਿਆਲੀ ਤਾਰ ਵੀ ਪਾਣੀ ’ਚ ਡੁੱਬੀ ਹੋਈ ਹੈ ਤੇ ਪਾਕਿਸਤਾਨ ਵੱਲੋਂ ਤਿਆਰ ਕੀਤੇ ਜਾ ਰਹੇ ਕਰਤਾਰਪੁਰ ਪੁਲ ਹੇਠਾਂ ਰਾਵੀ ਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ। ਡੇਰਾ ਬਾਬਾ ਨਾਨਕ ਨੇੜਲੇ ਪਿੰਡ ਪੱਖੋਕੇ ਵਿੱਚ ਨਾਨਕ ਲੇਵਾ ਸੰਗਤ ਨੇ ਦੱਸਿਆ ਕਿ ਰਾਵੀ ਦਰਿਆ ਦਾ ਪਾਣੀ ਵੱਧ ਰਿਹਾ ਹੈ।