ਯੇਚੁਰੀ ਦੇ ਦੇਹਾਂਤ ’ਤੇ ਸੀਟੂ ਨੇ ਝੰਡੇ ਝੁਕਾਏ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 12 ਸਤੰਬਰ
ਸੀਪੀਆਈ (ਐੱਮ) ਦੇ ਕੌਮੀ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਦੇ ਦੇਹਾਂਤ ਦਾ ਪਤਾ ਚੱਲਦਿਆਂ ਹੀ ਖੱਬੇ-ਪੱਖੀ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ। ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਨਾਲ ਸਬੰਧਿਤ ਸਾਰੀਆਂ ਸਥਾਨਕ ਜਥੇਬੰਦੀਆਂ ਨੇ ਆਪੋ-ਆਪਣੇ ਦਫ਼ਤਰਾਂ, ਬੱਸ ਅੱਡਿਆਂ, ਮੁੱਖ ਚੌਕਾਂ ਅਤੇ ਹੋਰ ਅਦਾਰਿਆਂ ਵਿੱਚ ਲੱਗੇ ਸੀਟੂ ਦੇ ਝੰਡੇ ਝੁਕਾ ਦਿੱਤੇ।
ਪੰਜਾਬ ਸੀਟੂ ਦੇ ਸੂਬਾ ਸਕੱਤਰ ਅਤੇ ਭਾਰਤ ਨਿਰਮਾਣ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਕੁਮਾਰ ਗੋਰਾ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰਮੀ ਨੇ ਦੱਸਿਆ ਕਿ ਸਾਥੀ ਸੀਤਾ ਰਾਮ ਯੇਚੁਰੀ (72 ਸਾਲ) ਕਈ ਦਿਨਾਂ ਤੋਂ ਦਿੱਲੀ ਦੇ ਏਮਸ ਵਿੱਚ ਦਾਖਲ ਸਨ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ ਅਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਹੋਇਆ ਸੀ।
ਮਜ਼ਦੂਰ ਆਗੂਆਂ ਨੇ ਦੱਸਿਆ ਕਿ ਵਿਦਿਆਰਥੀ ਜੀਵਨ ਤੋਂ ਉਹ ਸੀਪੀਆਈ (ਐੱਮ) ਨਾਲ ਜੁੜੇ ਹੋਏ ਸਨ। ਉਨ੍ਹਾਂ ਆਪਣਾ ਸਾਰਾ ਜੀਵਨ ਦੇਸ਼ ਦੇ ਦੱਬੇ-ਕੁਚਲੇ ਲੋਕਾਂ ਅਤੇ ਮਜ਼ਦੂਰ ਜਮਾਤ ਦੇ ਲੇਖੇ ਲਾਇਆ ਹੈ। ਮਜ਼ਦੂਰ ਆਗੂਆਂ ਨੇ ਸਾਥੀ ਯੇਚੁਰੀ ਦੇ ਪਰਿਵਾਰ ਨਾਲ ਵੀ ਦੁਖ ਸਾਂਝਾ ਕੀਤਾ।