For the best experience, open
https://m.punjabitribuneonline.com
on your mobile browser.
Advertisement

ਸੀਤਾਰਮਨ ਵੱਲੋਂ ਰੇਲਵੇ ਨੂੰ 2.52 ਲੱਖ ਕਰੋੜ ਰੁਪਏ ਅਲਾਟ

07:03 AM Feb 02, 2025 IST
ਸੀਤਾਰਮਨ ਵੱਲੋਂ ਰੇਲਵੇ ਨੂੰ 2 52 ਲੱਖ ਕਰੋੜ ਰੁਪਏ ਅਲਾਟ
Advertisement

ਨਵੀਂ ਦਿੱਲੀ, 1 ਫਰਵਰੀ
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਕਿਹਾ ਕਿ ਅਗਲੇ ਵਿੱਤੀ ਸਾਲ ਦੇ ਬਜਟ ’ਚ ਰੇਲਵੇ ਲਈ 2.52 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ 17,500 ਸਧਾਰਨ ਡੱਬੇ, 200 ਵੰਦੇ ਭਾਰਤ ਤੇ 100 ਅੰਮ੍ਰਿਤ ਭਾਰਤ ਰੇਲ ਗੱਡੀਆਂ ਜਿਹੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਰੇਲਵੇ ਨੇ ਵਿੱਤੀ ਸਾਲ 2025-26 ਦੌਰਾਨ 3.02 ਲੱਖ ਕਰੋੜ ਰੁਪਏ ਦਾ ਮਾਲੀਆ ਜੁਟਾਉਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕੇਂਦਰੀ ਬਜਟ ਪੇਸ਼ ਹੋਣ ਮਗਰੋਂ ਇੱਥੇ ਰੇਲ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਬਜਟ ਵਿੱਚ 4.6 ਲੱਖ ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟ ਸ਼ਾਮਲ ਕੀਤੇ ਗਏ ਹਨ ਜੋ ਚਾਰ ਤੋਂ ਪੰਜ ਸਾਲ ਅੰਦਰ ਮੁਕੰਮਲ ਹੋ ਜਾਣਗੇ। ਇਹ ਨਵੀਆਂ ਰੇਲ ਲਾਈਨਾਂ ਵਿਛਾਉਣ, ਮੌਜੂਦਾ ਰੇਲ ਲਾਈਨਾਂ ਨੂੰ ਡਬਲ ਕਰਨ, ਨਵੇਂ ਨਿਰਮਾਣ, ਸਟੇਸ਼ਨਾਂ ਦੇ ਪੁਨਰ ਵਿਕਾਸ ਅਤੇ ਫਲਾਈ ਓਵਰ ਤੇ ਅੰਡਰ ਪਾਸ ਜਿਹੇ ਕੰਮਾਂ ਨਾਲ ਸਬੰਧਤ ਹਨ।’ ਉਨ੍ਹਾਂ ਕਿਹਾ ਕਿ ਭਾਰਤੀ ਰੇਲ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਸੌ ਫੀਸਦ ਬਿਜਲੀਕਰਨ ਦਾ ਟੀਚਾ ਹਾਸਲ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸੰਚਾਲਨ ਦੀ ਸੁਰੱਖਿਆ ’ਤੇ ਬਜਟ 1.08 ਲੱਖ ਕਰੋੜ ਰੁਪਏ ਤੋਂ ਵਧਾ ਕੇ 1.14 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ ਜੋ ਅਗਲੇ ਸਾਲ ਵਧਾ ਕੇ 1.16 ਲੱਖ ਕਰੋੜ ਰੁਪਏ ਕਰ ਦਿੱਤਾ ਜਾਵੇਗਾ। -ਪੀਟੀਆਈ

Advertisement

ਪੇਂਡੂ ਵਿਕਾਸ ਮੰਤਰਾਲੇ ਲਈ ਬਜਟ ’ਚ 5.75 ਫ਼ੀਸਦ ਵਾਧਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਆਗੂ ਸ਼ਨਿਚਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਬਜਟ ਪੇਸ਼ ਕਰਨ ਦੀ ਵਧਾਈ ਦਿੰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ: ਸਰਕਾਰ ਵੱਲੋਂ ਸਿੱਖਿਆ ਖੇਤਰ ਲਈ ਬਜਟ ’ਚ ਕੀਤੇ ਗਏ ਵੱਡੇ ਐਲਾਨਾਂ ’ਚ ਪੰਜ ਨਵੇਂ ਆਈਆਈਟੀਜ਼ ’ਚ 6,500 ਹੋਰ ਵਿਦਿਆਰਥੀਆਂ ਦੀ ਸਿੱਖਿਆ ਲਈ ਬੁਨਿਆਦੀ ਢਾਂਚੇ ਦੇ ਵਿਸਤਾਰ, ਮੈਡੀਕਲ ਦੀਆਂ 10 ਹਜ਼ਾਰ ਨਵੀਆਂ ਸੀਟਾਂ ਕਾਇਮ ਕਰਨ ਅਤੇ ਮਸਨੂਈ ਬੌਧਿਕਤਾ (ਏਆਈ) ਨੂੰ ਹੱਲਾਸ਼ੇਰੀ ਦੇਣਾ ਸ਼ਾਮਲ ਹੈ। ਸਿੱਖਿਆ ਮੰਤਰਾਲੇ ਲਈ ਬਜਟ ’ਚ 1.28 ਲੱਖ ਕਰੋੜ ਰੁਪਏ ਰੱਖੇ ਗਏ ਹਨ ਜੋ 2024-25 ਦੇ ਸੋਧੇ ਅੰਦਾਜ਼ੇ 1.14 ਲੱਖ ਕਰੋੜ ਰੁਪਏ ਨਾਲੋਂ ਵੱਧ ਹੈ। ਉਚੇਰੀ ਸਿੱਖਿਆ ਵਿਭਾਗ ਲਈ 50,067 ਕਰੋੜ ਅਤੇ ਸਕੂਲੀ ਸਿੱਖਿਆ ਵਿਭਾਗ ਲਈ 78,572 ਕਰੋੜ ਰੁਪਏ ਰੱਖੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਕੂਲਾਂ ਅਤੇ ਉਚੇਰੀ ਸਿੱਖਿਆ ਲਈ ਭਾਰਤੀ ਭਾਸ਼ਾਵਾਂ ਦੀਆਂ ਕਿਤਾਬਾਂ ਦਾ ਡਿਜੀਟਲ ਸਰੂਪ ਉਪਲੱਬਧ ਕਰਾਉਣ ਵਾਸਤੇ ‘ਭਾਰਤੀ ਭਾਸ਼ਾ ਪੁਸਤਕ’ ਯੋਜਨਾ ਸ਼ੁਰੂ ਕੀਤੀ ਜਾਵੇਗੀ। ਪੰਜ ਆਈਆਈਟੀਜ਼ ਜੰਮੂ, ਭਿਲਾਈ, ਧਾਰਵਾੜ, ਪਲੱਕੜ ਅਤੇ ਤਿਰੂਪਤੀ ’ਚ ਵਾਧੂ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਨਾਲ ਨਾਲ ਆਈਆਈਟੀ ਪਟਨਾ ਦਾ ਵਿਸਤਾਰ ਕੀਤਾ ਜਾਵੇਗਾ। -ਪੀਟੀਆਈ

Advertisement

ਪ੍ਰਮਾਣੂ ਊਰਜਾ ਮਿਸ਼ਨ ਲਈ 20 ਹਜ਼ਾਰ ਕਰੋੜ ਰੁਪਏ ਅਲਾਟ

ਕੇਂਦਰੀ ਬਜਟ ਵਿੱਚ ਛੋਟੇ ਮਡਿਊਲਰ ਰਿਐਕਟਰਾਂ ਦੀਆਂ ਖੋਜਾਂ ਤੇ ਵਿਕਾਸ ਨੂੰ ਹੁਲਾਰਾ ਦੇਣ ਲਈ 20 ਹਜ਼ਾਰ ਕਰੋੜ ਰੁਪਏ ਦੀ ਅਲਾਟਮੈਂਟ ਨਾਲ ਪ੍ਰਮਾਣੂ ਊਰਜਾ ਮਿਸ਼ਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਖੇਤਰ ਨੂੰ ਕੰਟਰੋਲ ਕਰਨ ਵਾਲੇ ਜਵਾਬਦੇਹੀ ਕਾਨੂੰਨਾਂ ਨੂੰ ਸੋਧ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਵਿੱਤ ਮੰਤਰੀ ਨੇ ਤਕਨੀਕੀ ਖੋਜ ਲਈ ਆਈਆਈਟੀ ਤੇ ਆਈਆਈਐੱਸਸੀ ’ਚ ਅਗਲੇ ਪੰਜ ਸਾਲਾਂ ’ਚ 10 ਹਜ਼ਾਰ ਫੈਲੋਸ਼ਿਪ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਇੱਕ ਕੌਮੀ ਸਥਾਨਕ ਮਿਸ਼ਨ ਸਥਾਪਤ ਕਰਨ ਤੇ ਗਿਆਨ ਭਾਰਤ ਮਿਸ਼ਨ ਸਥਾਪਤ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ। -ਪੀਟੀਆਈ

ਆਈਟੀਆਰ ਭਰਨ ਦੀ ਸਮਾਂ-ਹੱਦ ਵਧਾ ਕੇ ਚਾਰ ਸਾਲ ਕਰਨ ਦੀ ਤਜਵੀਜ਼

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਸੇ ਵੀ ਮੁਲਾਂਕਣ ਵਰ੍ਹੇ ਲਈ ਆਮਦਨ ਕਰ ਰਿਟਰਨ (ਆਈਟੀਆਰ) ਭਰਨ ਲਈ ਸਮਾਂਹੱਦ ਵਧਾਉਣ ਦਾ ਐਲਾਨ ਕੀਤਾ ਹੈ। ਆਈਟੀਆਰ ਭਰਨ ਦੀ ਮੌਜੂਦਾ ਸਮਾਂਹੱਦ ਦੋ ਸਾਲ ਤੋਂ ਵਧਾ ਕੇ ਚਾਰ ਸਾਲ ਕਰਨ ਦੀ ਤਜਵੀਜ਼ ਵਿੱਤੀ ਸਾਲ 2025-26 ਦੇ ਬਜਟ ’ਚ ਰੱਖੀ ਗਈ ਹੈ। ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨਾਂ ਲਈ ਵਿਆਜ ਤੋਂ ਹੋਈ ਆਮਦਨ ’ਤੇ ਟੈਕਸ ਕਟੌਤੀ ਦੀ ਹੱਦ ਦੁੱਗਣੀ ਕਰਕੇ ਇੱਕ ਲੱਖ ਰੁਪਏ ਕਰਨ ਦਾ ਐਲਾਨ ਵੀ ਬਜਟ ’ਚ ਕੀਤਾ ਗਿਆ। -ਪੀਟੀਆਈ

ਖੇਤੀ ਸੈਕਟਰ ਲਈ ਛੇ ਨਵੀਆਂ ਯੋਜਨਾਵਾਂ, ਕਿਸਾਨ ਕਰੈਡਿਟ ਕਾਰਡ ਦੀ ਹੱਦ ਵਧਾ ਕੇ ਪੰਜ ਲੱਖ ਕੀਤੀ

ਨਵੀਂ ਦਿੱਲੀ: ਖੇਤੀ ਪੈਦਾਵਾਰ ਅਤੇ ਪਿੰਡਾਂ ’ਚ ਖੁਸ਼ਹਾਲੀ ਵਧਾਉਣ ਦੇ ਮਕਸਦ ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ’ਚ ਛੇ ਨਵੀਆਂ ਖੇਤੀ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਕਿਸਾਨ ਕਰੈਡਿਟ ਕਾਰਡ ਕਰਜ਼ਾ ਹੱਦ ਤਿੰਨ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਦਾ 7.7 ਕਰੋੜ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਕਿਸਾਨਾਂ ਨੂੰ ਲਾਭ ਮਿਲੇਗਾ। ਇਹ ਐਲਾਨ ਉਦੋਂ ਹੋਏ ਹਨ ਜਦੋਂ ਸਰਕਾਰ ਨੇ ਅਗਲੇ ਵਿੱਤੀ ਵਰ੍ਹੇ ਲਈ ਖੇਤੀਬਾੜੀ ਮੰਤਰਾਲੇ ਲਈ 2.75 ਪ੍ਰਤੀਸ਼ਤ ਘੱਟ 1.37 ਲੱਖ ਕਰੋੜ ਰੁਪਏ ਦੀ ਤਜਵੀਜ਼ ਕੀਤੀ ਹੈ। ਹਾਲਾਂਕਿ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿੱਚ 37 ਫ਼ੀਸਦ ਦੇ ਵਾਧੇ ਨਾਲ 7,544 ਕਰੋੜ ਰੁਪਏ ਅਤੇ ਫੂਡ ਪ੍ਰੋਸੈਸਿੰਗ ’ਚ 56 ਫ਼ੀਸਦ ਦੇ ਵਾਧੇ ਨਾਲ 4,364 ਕਰੋੜ ਰੁਪਏ ਰੱਖ ਕੇ ਇਸ ਕਟੌਤੀ ਨੂੰ ਪੂਰਾ ਕੀਤਾ ਗਿਆ ਹੈ। ਖੇਤੀ, ਸਹਾਇਕ ਧੰਦਿਆਂ ਅਤੇ ਫੂਡ ਪ੍ਰੋਸੈਸਿੰਗ ਲਈ ਕੁੱਲ ਬਜਟ 1.45 ਲੱਖ ਕਰੋੜ ਰੁਪਏ ਰੱਖਿਆ ਗਿਆ ਹੈ ਜੋ ਨਵੀਆਂ ਯੋਜਨਾਵਾਂ ਕਾਰਨ ਮੌਜੂਦਾ ਵਿੱਤੀ ਵਰ੍ਹੇ ਦੇ ਸੋਧੇ ਅੰਦਾਜ਼ੇ 1.47 ਲੱਖ ਕਰੋੜ ਰੁਪਏ ਤੋਂ ਪਾਰ ਜਾਣ ਦੀ ਸੰਭਾਵਨਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਧਨ-ਧਾਨਿਆ ਕ੍ਰਿਸ਼ੀ ਯੋਜਨਾ ਪੇਸ਼ ਕੀਤੀ। ਬਿਹਾਰ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਮਖਾਣਾ ਬੋਰਡ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। -ਪੀਟੀਆਈ

Advertisement
Author Image

sukhwinder singh

View all posts

Advertisement