For the best experience, open
https://m.punjabitribuneonline.com
on your mobile browser.
Advertisement

ਸਿਟਕੋ ਵੱਲੋਂ ਨਿਲਾਮ ਨਾ ਹੋਣ ਵਾਲੇ ਸ਼ਰਾਬ ਦੇ ਅੱਠ ਠੇਕੇ ਚਲਾਉਣ ਤੋਂ ਇਨਕਾਰ

08:47 AM Jun 14, 2024 IST
ਸਿਟਕੋ ਵੱਲੋਂ ਨਿਲਾਮ ਨਾ ਹੋਣ ਵਾਲੇ ਸ਼ਰਾਬ ਦੇ ਅੱਠ ਠੇਕੇ ਚਲਾਉਣ ਤੋਂ ਇਨਕਾਰ
ਚੰਡੀਗੜ੍ਹ ਦੇ ਸਨਅਤੀ ਏਰੀਆ ਫੇਜ਼-2 ਵਿੱਚ ਸਥਿਤ ਸ਼ਰਾਬ ਦਾ ਠੇਕਾ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 13 ਜੂਨ
ਯੂਟੀ ਪ੍ਰਸ਼ਾਸਨ ਦੇ ਕਰ ਅਤੇ ਆਬਕਾਰੀ ਵਿਭਾਗ ਨੇ ਸਾਲ 2024-25 ਦੀ ਸ਼ਰਾਬ ਨੀਤੀ ਵਿੱਚ ਸ਼ਹਿਰ ਵਿੱਚ ਨਿਲਾਮ ਨਾ ਹੋ ਸਕਣ ਵਾਲੇ ਸ਼ਰਾਬ ਦੇ ਠੇਕਿਆਂ ਨੂੰ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਡ (ਸਿਟਕੋ) ਰਾਹੀਂ ਚਲਾਉਣ ਦਾ ਫ਼ੈਸਲਾ ਕੀਤਾ ਸੀ ਪਰ ਸਿਟਕੋ ਨੇ ਚੰਡੀਗੜ੍ਹ ਵਿੱਚ ਨਿਲਾਮ ਨਾ ਹੋਣ ਵਾਲੇ 8 ਸ਼ਰਾਬ ਦੇ ਠੇਕਿਆਂ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਵਿੱਚ ਨਿਲਾਮ ਨਾ ਹੋਣ ਵਾਲੇ ਅੱਠ ਠੇਕਿਆਂ ਦੀ ਸ਼ਰਾਬ ਦਾ ਕੋਟਾ ਨਿਲਾਮ ਹੋ ਚੁੱਕੇ 86 ਠੇਕਿਆਂ ਵਿੱਚ ਵੰਡਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਕਰ ਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਰੁਪੇਸ਼ ਕੁਮਾਰ ਅਗਰਵਾਲ ਨੇ ਕੀਤੀ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ‘ਸਿਟਕੋ’ ਨੇ ਕਰ ਤੇ ਆਬਕਾਰੀ ਵਿਭਾਗ ਦੇ ਨਿਯਮਾਂ ਤੇ ਸ਼ਰਤਾਂ ਨੂੰ ਸਵੀਕਾਰ ਨਹੀਂ ਕੀਤਾ ਹੈ। ਹੁਣ ਵਿਭਾਗ ਵੱਲੋਂ ਨਿਲਾਮ ਨਾ ਹੋਣ ਵਾਲੇ ਠੇਕਿਆਂ ਦਾ ਕੋਟਾ ਨਿਲਾਮ ਹੋ ਚੁੱਕੇ 86 ਠੇਕਿਆਂ ਵਿੱਚ ਵੰਡਿਆ ਜਾਵੇਗਾ। ਹਾਲਾਂਕਿ ਇਸ ਬਾਰੇ ਗੱਲਬਾਤ ਲਈ ਸਿਟਕੋ ਦੇ ਮੈਨੇਜਿੰਗ ਡਾਇਰੈਕਟਰ ਅਭਿਜੀਤ ਵਿਜੈ ਚੌਧਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ ਹੈ।
ਸਿਟਕੋ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿਟਕੋ ਲਈ ਸ਼ਰਾਬ ਦੇ ਠੇਕਿਆਂ ਨੂੰ ਚਲਾਉਣਾ ਵਿੱਤੀ ਤੌਰ ’ਤੇ ਢੁੱਕਵਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰ ਤੇ ਆਬਕਾਰੀ ਵਿਭਾਗ ਦਾ ਪੱਤਰ 31 ਮਈ ਨੂੰ ਮਿਲਿਆ ਹੈ, ਜੋ ਕਿ ਬਹੁਤ ਦੇਰੀ ਨਾਲ ਮਿਲਿਆ ਹੈ। ਅਜਿਹੇ ਹਾਲਾਤ ਵਿੱਚ ਨਿੱਜੀ ਠੇਕੇਦਾਰ ਨੂੰ ਵੀ ਸ਼ਰਾਬ ਦੇ ਠੇਕੇ ਚਲਾਉਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਰਾਬ ਕਾਰੋਬਾਰ ਲਈ 30 ਤੋਂ 40 ਕਰੋੜ ਰੁਪਏ ਦਾ ਨਿਵੇਸ਼ ਕਰਨਾ ਪਵੇਗਾ, ਸਿਟਕੋ ਅਜਿਹੇ ਕਾਰੋਬਾਰ ਵਿੱਚ ਇਨ੍ਹਾਂ ਨਿਵੇਸ਼ ਨਹੀਂ ਕਰ ਸਕਦੀ ਹੈ, ਜਿੱਥੇ ਨੁਕਸਾਨ ਹੋਣ ਦਾ ਖਦਸ਼ਾ ਹੋਵੇਗਾ।
ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਦੇ 94 ਠੇਕੇ ਨਿਲਾਮ ਕਰਨ ਲਈ 12 ਵਾਰ ਨਿਲਾਮੀ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਕਰ ਤੇ ਆਬਕਾਰੀ ਵਿਭਾਗ 86 ਠੇਕੇ ਹੀ ਨਿਲਾਮ ਕਰ ਸਕਿਆ ਹੈ ਜਦੋਂਕਿ ਅੱਠ ਠੇਕੇ ਨਿਲਾਮ ਨਹੀਂ ਹੋ ਸਕੇ ਹਨ। ਵਿੱਤ ਵਰ੍ਹੇ 2023-24 ਵਿੱਚ ਵੀ ਕਰ ਤੇ ਆਬਕਾਰੀ ਵਿਭਾਗ ਵਿਭਾਗ ਸ਼ਹਿਰ ਦੇ 95 ਵਿੱਚੋਂ 18 ਠੇਕੇ ਨਿਲਾਮ ਕਰਨ ਵਿੱਚ ਨਾਕਾਮ ਰਿਹਾ ਸੀ। ਇਹ 18 ਠੇਕੇ ਪੂਰਾ ਸਾਲ ਬੰਦ ਰਹੇ ਸਨ, ਜਿਸ ਕਰ ਕੇ ਕਰ ਤੇ ਆਬਕਾਰੀ ਵਿਭਾਗ ਨੂੰ 150 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।

Advertisement

Advertisement
Advertisement
Author Image

sukhwinder singh

View all posts

Advertisement