For the best experience, open
https://m.punjabitribuneonline.com
on your mobile browser.
Advertisement

ਬੇਬਾਕ ਤੇ ਬੁਲੰਦ ਆਵਾਜ਼ ਸੀ ਸੀਤਾਰਾਮ ਯੇਚੁਰੀ

06:48 AM Sep 14, 2024 IST
ਬੇਬਾਕ ਤੇ ਬੁਲੰਦ ਆਵਾਜ਼ ਸੀ ਸੀਤਾਰਾਮ ਯੇਚੁਰੀ
Advertisement

ਕ੍ਰਿਸ਼ਨ ਕੁਮਾਰ ਰੱਤੂ

Advertisement

ਕਾਮਰੇਡ ਸੀਤਾ ਰਾਮ ਯੇਚੁਰੀ ਭਾਰਤੀ ਰਾਜਨੀਤੀ ਦਾ ਉਹ ਚਮਕਦਾ ਸਿਤਾਰਾ ਸੀ ਜੋ ਖੱਬੇ ਪੱਖੀ ਰਾਜਨੀਤੀ ਦਾ ਸੂਰਜ ਹੋ ਨਿੱਬੜਿਆ। ਆਪਣੇ ਰਾਜਨੀਤਕ ਜੀਵਨ ਵਿੱਚ ਆਪਣੀ ਤਰ੍ਹਾਂ ਦੀ ਮਿਸਾਲ ਯੇਚੁਰੀ ਨੇ ਜ਼ਿੰਦਗੀ ਨੂੰ ਵੀ ਭਰਪੂਰ ਅਰਥਾਂ ਵਿੱਚ ਜੀਵਿਆ। ਉਹ ਭਾਰਤੀ ਰਾਜਨੀਤੀ ਦਾ ਇੱਕ ਅਜਿਹਾ ਚਿਹਰਾ ਸੀ, ਜੋ ਦੇਸ਼ ਵਿੱਚ ਖੱਬੇ ਪੱਖੀ ਸਰਗਰਮੀਆਂ ਦਾ ਧੁਰਾ ਰਿਹਾ।
‌ਮੇਰੀਆਂ ਯਾਦਾਂ ਵਿੱਚ ਹਰਕਿਸ਼ਨ ਸੁਰਜੀਤ ਤੋਂ ਬਾਅਦ ਉਹ ਸਭ ਤੋਂ ਚਰਚਿਤ ਚਿਹਰਾ ਰਹੇਗਾ ਜਿਸ ਦੀ ਸਾਫ਼ਗੋਈ ਹਮੇਸ਼ਾ ਰਾਜਨੀਤਕ ਗਲਿਆਰਿਆਂ ਵਿੱਚ ਹਲਚਲ ਪੈਦਾ ਕਰਦੀ ਸੀ। ਸੀਤਾਰਾਮ ਯੇਚੁਰੀ ਦੋਸਤਾਂ ਦਾ ਦੋਸਤ ਅਤੇ ਬੇਹੱਦ ਪੜ੍ਹਨ ਲਿਖਣ ਵਾਲਾ ਖੁੱਲ੍ਹੇ ਦਿਮਾਗ਼ ਦਾ ਸ਼ਖ਼ਸ ਸੀ। ਉਸ ਦੀ ਜ਼ਿੰਦਗੀ ਦੇ ਕਈ ਮਰਹੱਲੇ ਅਜਿਹੇ ਹਨ ਜਦੋਂ ਉਸ ਨੂੰ ਮਿਲ ਕੇ ਪਤਾ ਲੱਗਦਾ ਸੀ ਕਿ ਭਾਰਤੀ ਸਿਆਸਤ ਦੀਆਂ ਅੰਦਰਲੀਆਂ ਪਰਤਾਂ ਦੇ ਸਮੂਹਿਕ ਅਰਥ ਕੀ ਹਨ।
ਹੁਣ ਭਾਰਤ ਵਿੱਚ ਖੱਬੇ ਪੱਖੀ ਸਿਆਸਤ ਪਿਛਲੇ ਦਹਾਕਿਆਂ ਨਾਲੋਂ ਬਹੁਤ ਬਦਲ ਗਈ ਹੈ ਪਰ ਸੀਤਾਰਾਮ ਯੇਚੁਰੀ ਹਮੇਸ਼ਾ ਇਸ ਆਸ ਨਾਲ ਜਿਊੁਂਦਾ ਰਿਹਾ ਕਿ ਆਖ਼ਰੀ ਕਿਰਤੀ ਕਾਮਾ ਉਨ੍ਹਾਂ ਦੇ ਨਾਲ ਹੈ ਤੇ ਉਹ ਤੇ ਉਸ ਦੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਹਮੇਸ਼ਾ ਉਨ੍ਹਾਂ ਲਈ ਕੰਮ ਕਰਦੀ ਰਹੇਗੀ। ਵੀਰਵਾਰ ਨੂੰ ਸੀਤਾਰਾਮ ਯੇਚੁਰੀ ਇਸ ਦੁਨੀਆ ਤੋਂ ਵਿਦਾ ਹੋ ਗਏ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਜਿਸ ਤਰ੍ਹਾਂ ਦੇ ਸੋਗ ਨਾਲ ਫੈਲੀ ਉਹ ਦੱਸਦੀ ਹੈ ਕਿ ਉਨ੍ਹਾਂ ਨੂੰ ਚਾਹੁਣ ਵਾਲੇ ਪੂਰੀ ਦੁਨੀਆ ਵਿੱਚ ਸਨ। ਸ੍ਰੀ ਯੇਚੁਰੀ ਉਨ੍ਹਾਂ ਕੁਝ ਨੇਤਾਵਾਂ ਵਿੱਚ ਸ਼ਾਮਿਲ ਸਨ, ਜਿਨ੍ਹਾਂ ਨੇ ਹਰਕਿਸ਼ਨ ਸਿੰਘ ਸੁਰਜੀਤ ਦੇ ਮਾਰਗਦਰਸ਼ਨ ਵਿੱਚ ਸਿਆਸਤ ਸਿੱਖੀ ਸੀ।
ਐਮਰਜੈਂਸੀ ਵੇਲੇ ਯੇਚੁਰੀ ਨੂੰ ਿਜਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ ਉਸ ਨਾਲ ਉਹ ਸਿਆਸਤ ਦੀਆਂ ਮੂਹਰਲੀਆਂ ਸਫ਼ਾਂ ਵਿੱਚ ਆ ਗਿਆ ਸੀ। 1990 ਦੇ ਦਹਾਕੇ ਦੀ ਗੱਠਜੋੜ ਦੀ ਭਾਰਤੀ ਰਾਜਨੀਤੀ ਵੇਲੇ ਯੇਚੁਰੀ ਵੱਡੇ ਆਗੂ ਬਣ ਕੇ ਸਾਹਮਣੇ ਆਏ ਸਨ। 1996 ਵਿੱਚ ਜਦੋਂ ਕਾਮਰੇਡ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਦਾ ਪਦ ਮਿਲ ਸਕਦਾ ਸੀ ਪਰੰਤੂ ਉਨ੍ਹਾਂ ਨੇ ਪ੍ਰਕਾਸ਼ ਕਰਾਤ ਦੇ ਨਾਲ ਮਿਲ ਕੇ ਇਸ ਦਾ ਵਿਰੋਧ ਕੀਤਾ ਹਾਲਾਂਕਿ ਬਾਅਦ ਵਿੱਚ ਸੀਪੀਐਮ ਅਤੇ ਜੋਤੀ ਬਾਸੂ ਨੇ ਖੁੱਲ੍ਹੇ ਤੌਰ ’ਤੇ ਸਵੀਕਾਰ ਕੀਤਾ ਸੀ ਕਿ ਇਹ ਸੀਪੀਐਮ ਦੀ ਇੱਕ ਵੱਡੀ ਗ਼ਲਤੀ ਸੀ। ਉਸ ਵਕਤ ਖੱਬੇ ਪੱਖੀ ਧਿਰਾਂ ਨੇ ਯੂਪੀਏ ਸਰਕਾਰ ਦਾ ਸਮਰਥਨ ਕੀਤਾ ਸੀ ਅਤੇ ਇਸ ਕਾਰਨ ਹੀ ਭਾਰਤ ਅਮਰੀਕਾ ਦਾ ਪਰਮਾਣੂ ਸਮਝੌਤਾ ਹੋ ਸਕਿਆ ਸੀ।
2015 ਵਿੱਚ ਪਾਰਟੀ ਜਨਰਲ ਸਕੱਤਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਇੱਕ ਮੁਲਾਕਾਤ ਵਿੱਚ ਯੇਚੁਰੀ ਨੇ ਮੰਨਿਆ ਸੀ ਕਿ ਉਨ੍ਹਾਂ ਨੂੰ ਮਹਿੰਗਾਈ ਵਰਗੇ ਮੁੱਦੇ ’ਤੇ ਸਰਕਾਰ ਤੋਂ ਆਪਣਾ ਸਮਰਥਨ ਉਸੇ ਵੇਲੇ ਵਾਪਸ ਲੈ ਲੈਣਾ ਚਾਹੀਦਾ ਸੀ। ਸੀਤਾਰਾਮ ਯੇਚੁਰੀ ਰਾਜ ਸਭਾ ਵਿੱਚ ਆਪਣੇ ਨਿਰੋਲ ਸਿੱਧੇ ਸਾਧੇ ਤੇ ਖ਼ਾਸ ਸ਼ੈਲੀ ਨਾਲ ਕੀਤੇ ਭਾਸ਼ਨਾਂ ਕਰਕੇ ਹਮੇਸ਼ਾ ਯਾਦ ਰੱਖੇ ਜਾਣਗੇ। ਆਪਣੀਆਂ ਟੈਲੀਵਿਜ਼ਨ ਦੀਆਂ ਮੁਲਾਕਾਤਾਂ ਵਿੱਚ ਉਨ੍ਹਾਂ ਨੇ ਹਮੇਸ਼ਾ ਮੈਨੂੰ ਦੱਸਿਆ ਕਿ ਉਹ ਭਰਪੂਰ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਅਤੇ ਭਾਰਤ ਦੇ ਆਮ ਆਦਮੀ ਵਾਸਤੇ ਵੀ ਜ਼ਿੰਦਗੀ ਦੇ ਨਵੇਂ ਅਰਥਾਂ ਨੂੰ ਸਾਹਮਣੇ ਲਿਆਉਣ ਵਾਸਤੇ ਪ੍ਰਤੀਬੱਧ ਰਹਿਣਗੇ ਪਰੰਤੂ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਕਾਮਰੇਡ ਸੀਤਾਰਾਮ ਯੇਚੁਰੀ ਦੀ ਸ਼ਖ਼ਸੀਅਤ ਬਹੁਪੱਖੀ ਸੀ। ਉਹ ਬਹੁਤ ਸਾਰੀਆਂ ਧਾਰਾਵਾਂ ਤੇ ਜ਼ਿੰਦਗੀ ਨੂੰ ਦੇਖਦੇ ਸਨ ਅਤੇ ਬਹੁਭਾਸ਼ਾਈ ਵੀ ਸਨ। ਉਹ ਤੇਲਗੂ, ਹਿੰਦੀ, ਤਾਮਿਲ ਤੇ ਬੰਗਲਾ ਦੇ ਨਾਲ ਨਾਲ ਮਲਿਆਲਮ ਭਾਸ਼ਾ ਵੀ ਪੂਰੀ ਰਵਾਨੀ ਨਾਲ ਬੋਲ ਸਕਦੇ ਸਨ। ਅੰਗਰੇਜ਼ੀ ਵਿੱਚ ਗੱਲ ਕਰਦਿਆਂ ਹੋਇਆਂ ਉਹ ਹਿੰਦੂ ਪੁਰਾਣ ਕਥਾਵਾਂ ਦਾ ਵੀ ਜ਼ਿਕਰ ਕਰਦੇ ਸਨ। ਭਾਰਤੀ ਜਨਤਾ ਪਾਰਟੀ ’ਤੇ ਜਦੋਂ ਵੀ ਉਨ੍ਹਾਂ ਨੇ ਗੱਲ ਕੀਤੀ ਉਹ ਆਪਣੇ ਸੰਦਰਭਾਂ ਨੂੰ ਰਾਜਨੀਤੀ ਵਿੱਚ ਲਿਆ ਕੇ ਭਾਰਤ ਦੀ ਸਭਿਅਤਾ ਦੀ ਗੱਲ ਕਰਦੇ ਸਨ। ਇਨ੍ਹਾਂ ਦਿਨਾਂ ਵਿੱਚ ਸੀਤਾਰਾਮ ਯੇਚੁਰੀ ਰਾਜਨੀਤਕ ਤੌਰ ’ਤੇ ਇੰਡੀਆ ਗੱਠਜੋੜ ਦੇ ਨਾਲ ਜੁੜੇ ਹੋਏ ਸਨ ਤੇ ਉਸਦਾ ਿੲਕ ਪ੍ਰਮੁੱਖ ਚਿਹਰਾ ਸਨ। ਉਹ ਭਾਰਤੀ ਰਾਜਨੀਤੀ ਦਾ ਚਮਕਦਾ ਹੋਇਆ ਦਬੰਗ ਅਤੇ ਬੇਬਾਕ ਸ਼ੈਲੀ ਵਿੱਚ ਬੋਲਣ ਵਾਲਾ ਬੁਲਾਰਾ ਤੇ ਇੱਕ ਅਜਿਹੀ ਸ਼ਖਸ਼ੀਅਤ ਸੀ ਜੋ ਹੁਣ ਸਦਾ ਵਾਸਤੇ ਚੁੱਪ ਹੋ ਗਈ ਹੈ। ਆਪਣੀ ਟੈਲੀਵਿਜ਼ਨ ਦੀ ਇੱਕ ਮੁਲਾਕਾਤ ਵਿੱਚ ਦਿੱਲੀ ਵਿੱਚ ਅਤੇ ਹੋਰਨਾਂ ਸ਼ਹਿਰਾਂ ਵਿੱਚ ਹੋਈਆਂ ਮੁਲਾਕਾਤਾਂ ’ਚ ਉਨ੍ਹਾਂ ਨੇ ਹਮੇਸ਼ਾ ਹੀ ਭਾਰਤ ਦੇ ਆਮ ਆਦਮੀ ਦੀ ਗੱਲ ਇਵੇਂ ਕੀਤੀ ਜਿਵੇਂ ਉਹ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੀ ਹੋਣ।
ਕਾਮਰੇਡ ਸੀਤਾਰਾਮ ਯੇਚੁਰੀ ਦਾ ਜਨਮ 12 ਅਗਸਤ 1952 ਨੂੰ ਹੋਇਆ ਸੀ ਅਤੇ ਉਹ ਪ੍ਰਕਾਸ਼ ਕਰਾਤ ਤੋਂ ਬਾਅਦ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਪੋਲਿਟ ਬਿਊਰੋ ਦੇ ਮੈਂਬਰ ਬਣੇ ਸਨ। 1952 ਵਿੱਚ ਜਨਮੇ ਸ੍ਰੀ ਯੇਚੁਰੀ ਮਦਰਾਸ, ਜੋ ਕਿ ਹੁਣ ਚੇਨੱਈ (ਤਾਮਿਲਨਾਡੂ) ਦੇ ਨਾਮ ਨਾਲ ਪ੍ਰਸਿੱਧ ਹੈ, ਵਿੱਚ ਪੈਦਾ ਹੋਏ। ਇਹ ਵੀ ਇੱਕ ਸੰਯੋਗ ਹੈ ਕਿ ਉਹ ਸੇਂਟ ਸਟੀਫ਼ਨ ਕਾਲਜ ਦਿੱਲੀ ਅਤੇ ਫਿਰ ਜਵਾਹਰਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ।
ਉਹ ਮੂਲ ਰੂਪ ਵਿੱਚ ਆਂਧਰਾ ਪ੍ਰਦੇਸ਼ ਦੇ ਕਾਕੀਨਾੜਾ ਦੇ ਰਹਿਣ ਵਾਲੇ ਸੀ। ਉਨ੍ਹਾਂ ਦੇ ਪਿਤਾ ਸੋਮੇਜੁਲਾ ਯੇਚੁਰੀ ਸਰਵੇਸ਼ਵਰ ਇੰਜਨੀਅਰ ਸਨ ਅਤੇ ਸਰਕਾਰੀ ਅਧਿਕਾਰੀ ਸਨ। ਯੇਚੁਰੀ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਹੀ ਜੇਐੱਨਯੂ ’ਚ ਪੀਐੱਚਡੀ ’ਚ ਦਾਖਲਾ ਲਿਆ ਪਰੰਤੂ ਉਹ ਆਪਣੀ ਪੀਐੱਚਡੀ ਪੂਰੀ ਨਹੀਂ ਕਰ ਸਕੇ ਸਨ। ਬਾਅਦ ਵਿੱਚ ਐਮਰਜੈਂਸੀ ਦੌਰਾਨ ਗ੍ਰਿਫ਼ਤਾਰ ਹੋਣ ਨਾਲ ਉਹ ਜੇਐੱਨਯੂ ਦੇ 1977 ਤੇ 78 ਵਾਲੇ ਵਰ੍ਹਿਆਂ ਵਿੱਚ ਉੱਥੇ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਚੁਣੇ ਗਏ ਸਨ।
ਉਹ ਲਗਾਤਾਰ ਸੀਪੀਐਮ ਦੀਆਂ ਮੂਹਰਲੀਆਂ ਸਫ਼ਾਂ ਵਿੱਚ ਰਹਿਣ ਵਾਲੇ ਸੀ। ਯੇਚੁਰੀ ਲੋਕਾਂ ਵਿੱਚ ਇਸ ਲਈ ਵੀ ਯਾਦ ਕੀਤੇ ਜਾਂਦੇ ਹਨ ਕਿਉਂਕਿ ਉਹ ਰਾਜਨੀਤੀ ਵਿੱਚ ਮੌਲਿਕ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਇੱਕ ਮਹੱਤਵਪੂਰਨ ਚਿਹਰੇ ਸਨ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਸੀਤਾਰਾਮ ਯੇਚੁਰੀ ਇੱਕ ਲੇਖਕ ਵੀ ਰਹੇ ਹਨ। ਉਹ ‘ਹਿੰਦੁਸਤਾਨ ਟਾਈਮਜ਼’ ਵਰਗੀ ਅਖ਼ਬਾਰ ਵਿੱਚ ਕਈ ਵਰ੍ਹਿਆਂ ਤੋਂ ਆਪਣਾ ਪੰਦਰਾਂ ਰੋਜ਼ਾ ਕਾਲਮ ਲੈਫਟ ਹੈਂਡ ਡਰਾਈਵ ਲਗਾਤਾਰ ਲਿਖਦੇ ਰਹੇ ਅਤੇ ਪਿਛਲੇ 20 ਵਰ੍ਹਿਆਂ ਤੋਂ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਪੰਦਰਾਂ ਰੋਜ਼ਾ ਸਮਾਚਾਰ ਪੱਤਰ ਪੀਪਲ ਡੈਮੋਕਰੇਸੀ ਦੇ ਐਡੀਟਰ ਵੀ ਰਹੇ।‌ ਉਹ ਹਮੇਸ਼ਾ ਹੀ ਕੱਟੜਵਾਦ ਦੇ ਵਿਰੋਧੀ ਰਹੇ। ਉਨ੍ਹਾਂ ਦੀ ਦੂਸਰੀ ਪਤਨੀ ਸੀਮਾ ਚਿਸ਼ਤੀ, ਜੋ ਹੁਣ ‘ਵਾਇਰ’ ਦੀ ਸੰਪਾਦਕ ਹੈ ਅਤੇ ਪਹਿਲਾਂ ਇੰਡੀਅਨ ਐਕਸਪ੍ਰੈਸ ਅਖ਼ਬਾਰ ਦੀ ਸੰਪਾਦਕ ਸੀ। ਉਨ੍ਹਾਂ ਦੀ ਪਹਿਲੀ ਸ਼ਾਦੀ ਵੀਨਾ ਮਜੂਮਦਾਰ ਦੀ ਬੇਟੀ ਇੰਦਰਾਣੀ ਮਜੂਮਦਾਰ ਦੇ ਨਾਲ ਹੋਈ ਸੀ ਜਿਨ੍ਹਾਂ ਤੋਂ ਉਨ੍ਹਾਂ ਦਾ ਇੱਕ ਬੇਟਾ ਅਤੇ ਇੱਕ ਬੇਟੀ ਹੈ। ਉਨ੍ਹਾਂ ਦਾ ਬੇਟਾ ਪਿਛਲੇ ਕੋਵਿਡ ਦੇ ਦਿਨਾਂ ਵਿੱਚ ਚੱਲ ਵਸਿਆ ਸੀ। ਉਨ੍ਹਾਂ ਦੇ ਘਰ ਵਿੱਚ ਹੁਣ ਉਨ੍ਹਾਂ ਦੀ ਪਤਨੀ ਸੀਮਾ ਚਿਸ਼ਤੀ ਤੇ ਬੇਟੀ ਅਖਿਲਾ ਰਹਿ ਗਈਆਂ ਹਨ। ਉਨ੍ਹਾਂ ਨੇ ਬੇਹੱਦ ਸਮਝਦਾਰ ਲੇਖਕ ਦੇ ਤੌਰ ’ਤੇ ਆਪਣੀ ਭੂਮਿਕਾ ਨੂੰ ਯਾਦਗਾਰੀ ਪਲਾਂ ਵਿੱਚ ਕੈਦ ਕੀਤਾ ਹੈ। ਉਨ੍ਹਾਂ ਨੇ ਹਮੇਸ਼ਾ ਦੱਸਿਆ ਕਿ ਉਹ ਲੇਖਕ ਤੇ ਪੱਤਰਕਾਰ ਬਣਨਾ ਚਾਹੁੰਦੇ ਸਨ। ਉਨ੍ਹਾਂ ਦੀਆਂ ਕਿਤਾਬਾਂ ‘ਯੇਹ ਹਿੰਦੂ ਰਾਸ਼ਟਰ ਹੈ ਕਿਆ, ਹਿੰਦੂ ਧਰਮ ਕਾ ਪਰਦਾਫਾਸ਼, ਭਗਵਾਂ ਬ੍ਰਿਗੇਡ ਕੇ ਮਿਥਕ ਔਰ ਵਾਸਤਵਿਕਤਾ, ਭਾਰਤੀ ਰਾਜਨੀਤੀ ਮੇ ਜਾਤੀ, ਬਦਲਤੀ ਦੁਨੀਆ ਮੇਂ ਸਮਾਜਵਾਦ, ਲੈਫਟ ਹੈਂਡ ਡਰਾਈਵ ਆਦਿ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਬੇਹੱਦ ਪ੍ਰਸਿੱਧ ਕਿਤਾਬ ‘ਵੈਸ਼ਵਿਕ ਅਰਥ ਸੰਕਟ’ ਹੈ ਜਿਸਨੂੰ ਉਨ੍ਹਾਂ ਨੇ ਮਾਰਕਸਵਾਦੀ ਨੈਤਿਕਤਾ ਦੇ ਆਧਾਰ ’ਤੇ ਲਿਖਿਆ ਹੈ।
ਉਹ ਇੱਕ ਵਧੀਆ ਲੇਖਕ ਦੇ ਤੌਰ ’ਤੇ ਸਦਾ ਵਿਚਰਦੇ ਰਹੇ। ਉਨ੍ਹਾਂ ਦੇ ਚਲੇ ਜਾਣ ਨਾਲ ਭਾਰਤ ਦੀ ਰਾਜਨੀਤੀ ਦਾ ਇੱਕ ਚਮਕਦਾ ਹੋਇਆ ਸਿਤਾਰਾ ਡੁੱਬ ਗਿਆ ਹੈ। ਬੇਹੱਦ ਅਫਸੋਸਨਾਕ ਗੱਲ ਹੈ ਕਿ ਅਸੀਂ ਕਾਮਰੇਡ ਸੀਤਾਰਾਮ ਯੇਚੁਰੀ ਵਰਗੀ ਬੁਲੰਦ ਸ਼ਖਸੀਅਤ ਅਤੇ ਦਬੰਗ ਆਵਾਜ਼ ਵਾਲੇ ਖੱਬੇਪੱਖੀ ਚਿਹਰੇ ਨੂੰ ਗੁਆ ਚੁੱਕੇ ਹਾਂ।
ਸਾਡੀਆਂ ਯਾਦਾਂ ਵਿੱਚ ਅਤੇ ਆਮ ਆਦਮੀ ਦੀ ਯਾਦਾਂ ਵਿੱਚ ਇਸ ਸਿਤਾਰੇ ਨੂੰ ਲਾਲ ਸਲਾਮ!
* ਉੱਘਾ ਬ੍ਰਾਡਕਾਸਟਰ ਅਤੇ ਸਾਬਕਾ ਉਪ ਮਹਾਨਿਦੇਸ਼ਕ, ਦੂਰਦਰਸ਼ਨ।
ਸੰਪਰਕ: 94787-30156

Advertisement

Advertisement
Author Image

joginder kumar

View all posts

Advertisement