For the best experience, open
https://m.punjabitribuneonline.com
on your mobile browser.
Advertisement

ਪ੍ਰੇਮ ਵਿਆਹ ਕਰਵਾਉਣ ਤੋਂ ਇਨਕਾਰ ਕਰਨ ’ਤੇ ਸਾਲੀ ਦੀ ਹੱਤਿਆ

08:40 AM Mar 11, 2024 IST
ਪ੍ਰੇਮ ਵਿਆਹ ਕਰਵਾਉਣ ਤੋਂ ਇਨਕਾਰ ਕਰਨ ’ਤੇ ਸਾਲੀ ਦੀ ਹੱਤਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਮਾਰਚ
ਇੱਥੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਹਿੰਮਤਪੁਰਾ ਵਿਚ ਨਿੱਜੀ ਕੰਪਨੀ ਵਿਚ ਸੁਰੱਖਿਆ ਗਾਰਡ ਨੇ ਆਪਣੀ ਸਾਲੀ ਦੇ ਪ੍ਰੇਮ ਵਿਆਹ ਕਰਵਾਉਣ ਤੋਂ ਇਨਕਾਰ ਕਰਨ ’ਤੇ ਉਸ ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਸਾਲੀ ਦੀ ਕੁਦਰਤੀ ਮੌਤ ਦਾ ਰੌਲਾ ਪਾ ਕੇ ਸਸਕਾਰ ਵੀ ਕਰਵਾ ਦਿੱਤਾ। ਕਈ ਦਿਨ ਬੀਤਣ ਤੋਂ ਬਾਅਦ ਪਰਿਵਾਰ ਨੂੰ ਉਸ ਦੀਆਂ ਗੱਲਾਂ ’ਤੇ ਸ਼ੱਕ ਹੋਣ ਲੱਗਾ ਤਾਂ ਉਨ੍ਹਾਂ ਪੁਲੀਸ ਨੂੰ ਦਰਖਾਸਤ ਦੇ ਦਿੱਤੀ ਜਿਸ ਦਾ ਖੁਲਾਸਾ ਸਵਾ ਮਹੀਨੇ ਬਾਅਦ ਹੁਣ ਹੋਇਆ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।
ਪੁਲੀਸ ਚੌਕੀ ਬਿਲਾਸਪੁਰ ਦੇ ਇੰਚਾਰਜ ਏਐੱਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ’ਚ ਪੈਂਦੇ ਪਿੰਡ ਭੈਣੀ ਫੱਤਾ ਨਿਵਾਸੀ ਭੋਲਾ ਸਿੰਘ (ਮ੍ਰਿਤਕਾ ਦਾ ਪਿਤਾ) ਦੇ ਬਿਆਨ ਉੱਤੇ ਕੇਸ ਦਰਜ ਕਰਕੇ ਹਰਦੀਪ ਸਿੰਘ ਪਿੰਡ ਹਿੰਮਤਪੁਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਤਾਬਕ ਹਰਦੀਪ ਸਿੰਘ ਦਾ ਸਾਲ 2014 ਵਿਚ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਸ ਨੇ ਆਪਣੀ ਸਾਲੀ ਸ਼ਰਨਜੀਤ ਕੌਰ ਨਾਲ ਪ੍ਰੇਮ ਸਬੰਧ ਬਣਾ ਲਏ ਜੋ ਆਮ ਤੌਰ ’ਤੇ ਆਪਣੀ ਭੈਣ ਦੇ ਸਹੁਰੇ ਘਰ ਪਿੰਡ ਹਿੰਮਤਪੁਰਾ ਹੀ ਰਹਿੰੰਦੀ ਸੀ। ਹਰਦੀਪ ਉਸ ’ਤੇ ਵਿਆਹ ਲਈ ਦਬਾਅ ਪਾ ਰਿਹਾ ਸੀ ਪਰ ਉਸ ਵੱਲੋਂ ਇਨਕਾਰ ਕਰਨ ਉੱਤੇ ਹਰਦੀਪ ਨੇ ਬਹਾਨੇ ਨਾਲ ਬੀਤੇ ਮਹੀਨੇ ਦੀ 2 ਫ਼ਰਵਰੀ ਨੂੰ ਆਪਣੇ ਘਰ ਨੇੜੇ ਡਰੇਨ ਉੱਤੇ ਲਿਜਾ ਕੇ ਸ਼ਰਨਜੀਤ ਕੌਰ ਦਾ ਗਲ ਘੁੱਟ ਦਿੱਤਾ ਅਤੇ ਇਹ ਗੱਲ ਫ਼ੈਲਾ ਦਿੱਤੀ ਕਿ ਸ਼ਰਨਜੀਤ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਇਸ ਤੋਂ ਬਾਅਦ ਉਸ ਦਾ ਪਿੰਡ ਭੈਣੀ ਫੱਤਾ ਲਿਜਾ ਕੇ ਸਸਕਾਰ ਕਰ ਦਿੱਤਾ।
ਇਸ ਤੋਂ ਬਾਅਦ ਉਸ ਨੇ ਨੌਕਰੀ ਲਈ ਦੁਬਈ ਜਾਣ ਦਾ ਬਹਾਨਾ ਬਣਾ ਕੇ ਅੰਮ੍ਰਿਤਸਰ ਹਵਾਈ ਅੱਡੇ ਵਾਲਾ ਸਟੇਟਸ ਵੀ ਪਾ ਦਿੱਤਾ ਪਰ ਪੁਲੀਸ ਨੇ ਉਸ ਨੂੰ ਬਹਾਨੇ ਨਾਲ ਵਾਪਸ ਸੱਦ ਲਿਆ ਤੇ ਪੁੱਛ ਪੜਤਾਲ ਕੀਤੀ ਤਾਂ ਹਰਦੀਪ ਨੇ ਪੁਲੀਸ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ। ਇਸ ਤੋਂ ਇਲਾਵਾ ਕਸਬਾ ਕੋਟ ਈਸੇ ਖਾਂ ਵਿਚ ਇਕ ਹੋਰ ਮਾਮਲੇ ਵਿਚ ਪ੍ਰੇਮ ਵਿਆਹ ਕਰਵਾਉਣ ਵਾਲੀ ਮਹਿਕਪ੍ਰੀਤ ਕੌਰ ਉਰਫ ਜੋਤੀ (20) ਦੀ ਘਰ ਵਿਚ ਭੇਤ-ਭਰੀ ਹਾਲਤ ਵਿਚ ਮੌਤ ਹੋ ਗਈ। ਉਸ ਦੇ ਮਾਪੇ ਨਹੀਂ ਹਨ ਅਤੇ ਉਸ ਨੇ ਸਾਜਨ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਡੀਐੱਸਪੀ ਧਰਮਕੋਟ ਅਮਰਜੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×