ਭਰਜਾਈ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਦਿਉਰ ਦਾ ਕਤਲ, ਤਿੰਨ ਕਾਬੂ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 4 ਸਤੰਬਰ
Firozpur Murder: ਜ਼ੀਰਾ ਦੇ ਪਿੰਡ ਕੋਹਾਲਾ ਨਿਵਾਸੀ ਨੌਜਵਾਨ ਇੰਦਰਜੀਤ ਸਿੰਘ ਦੀ ਗੁੰਮਸ਼ੁਦਗੀ ਦੇ ਮਾਮਲੇ ਵਿਚ ਪੁਲੀਸ ਨੇ ਉਸਦੀ ਭਰਜਾਈ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਮੁਲਜ਼ਮਾਂ ਵਿਚ ਔਰਤ ਦਾ ਪ੍ਰੇਮੀ ਤੇ ਪ੍ਰੇਮੀ ਦਾ ਸਕਾ ਭਰਾ ਸ਼ਾਮਲ ਹਨ। ਤਿੰਨਾਂ ਮੁਲਜ਼ਮਾਂ ਨੇ ਇੰਦਰਜੀਤ ਸਿੰਘ ਦਾ ਕਤਲ ਕਰਨ ਮਗਰੋਂ ਉਸਦੀ ਲਾਸ਼ ਬੀਕਾਨੇਰ ਨਹਿਰ ਵਿਚ ਸੁੱਟਣ ਦਾ ਜੁਰਮ ਕਬੂਲ ਕਰ ਲਿਆ ਹੈ।
ਐਸਪੀ(ਡੀ) ਰਣਧੀਰ ਕੁਮਾਰ ਨੇ ਦੱਸਿਆ ਕਿ ਇੰਦਰਜੀਤ ਸਿੰਘ ਲੰਘੀ 21 ਅਗਸਤ ਨੂੰ ਅਚਾਨਕ ਗੁੰਮ ਹੋ ਗਿਆ ਸੀ ਤੇ ਉਸਦੀ ਭਰਜਾਈ ਪੂਜਾ ਵੱਲੋਂ 24 ਅਗਸਤ ਨੂੰ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਮੱਲਾਂਵਾਲਾ ਵਿਚ ਦਰਜ ਕਰਵਾਈ ਗਈ ਸੀ। ਹਾਲਾਂਕਿ ਪੁਲੀਸ ਨੂੰ ਪਹਿਲੇ ਦਿਨ ਤੋਂ ਹੀ ਪੂਜਾ ਦੇ ਬਿਆਨ ਕੁਝ ਸ਼ੱਕੀ ਜਾਪ ਰਹੇ ਸਨ, ਜਿਸ ਕਰਕੇ ਪੁਲੀਸ ਇਸ ਮਾਮਲੇ ਦੀ ਖ਼ੁਫ਼ੀਆ ਤੌਰ ’ਤੇ ਵੀ ਪੜਤਾਲ ਕਰ ਰਹੀ ਸੀ।
ਪੁਲੀਸ ਜਾਂਚ ਦੌਰਾਨ ਪਤਾ ਲੱਗਾ ਕਿ ਪੂਜਾ ਦੇ ਨਾਜਾਇਜ਼ ਸਬੰਧ ਕੋਹਾਲਾ ਪਿੰਡ ਦੇ ਵਸਨੀਕ ਰਾਮ ਸਿੰਘ ਨਾਲ ਸਨ ਜੋ ਪਿਛਲੇ ਕੁਝ ਸਾਲਾਂ ਤੋਂ ਕਤਰ ਰਹਿੰਦਾ ਸੀ। ਪੂਜਾ ਦੇ ਸਬੰਧਾਂ ਬਾਰੇ ਇੰਦਰਜੀਤ ਸਿੰਘ ਨੂੰ ਪਤਾ ਲੱਗ ਗਿਆ ਸੀ ਤੇ ਉਹ ਇਸ ਗੱਲ ਦਾ ਵਿਰੋਧ ਕਰਦਾ ਸੀ। 21 ਅਗਸਤ ਨੂੰ ਵਾਰਦਾਤ ਵਾਲੇ ਦਿਨ ਰਾਮ ਸਿੰਘ ਆਪਣੇ ਪਿੰਡ ਆਇਆ ਹੋਇਆ ਸੀ ਤੇ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਉਹ ਪੂਜਾ ਨੂੰ ਮਿਲਣ ਵਾਸਤੇ ਉਸਦੇ ਘਰ ਚਲਾ ਗਿਆ। ਉਸ ਦਿਨ ਪੂਜਾ ਦਾ ਪਤੀ ਰਮਨਦੀਪ ਕੰਬਾਈਨ ਲੈ ਕੇ ਮੱਧ ਪ੍ਰਦੇਸ਼ ਗਿਆ ਹੋਇਆ ਸੀ।
ਇਸ ਦੌਰਾਨ ਪੂਜਾ ਅਤੇ ਉਸਦੇ ਪ੍ਰੇਮੀ ਰਾਮ ਸਿੰਘ ਨੇ ਇੰਦਰਜੀਤ ਸਿੰਘ ਦੇ ਸਿਰ ਵਿਚ ਘੋਟਣਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਪਲਾਸਟਿਕ ਦੇ ਗੱਟੇ ਵਿਚ ਪਾ ਕੇ ਰੱਖ ਦਿੱਤੀ। ਅਗਲੇ ਦਿਨ ਰਾਮ ਸਿੰਘ ਨੇ ਆਪਣੇ ਭਰਾ ਅਵਤਾਰ ਸਿੰਘ ਨੂੰ ਪੂਜਾ ਦੇ ਘਰ ਬੁਲਾਇਆ ਤੇ ਦੋਹਾਂ ਭਰਾਵਾਂ ਨੇ ਇੰਦਰਜੀਤ ਸਿੰਘ ਦੀ ਲਾਸ਼ ਨੂੰ ਮੋਟਰਸਾਇਕਲ ’ਤੇ ਲਿਜਾ ਕੇ ਪਿੰਡ ਦੇ ਨੇੜੇ ਪੈਂਦੀ ਗੰਗ ਕਨਾਲ ਵਿਚ ਸੁੱਟ ਦਿੱਤਾ। ਪੁਲੀਸ ਨੂੰ ਅਜੇ ਤੱਕ ਨਹਿਰ ਵਿਚੋਂ ਇੰਦਰਜੀਤ ਦੀ ਲਾਸ਼ ਬਰਾਮਦ ਨਹੀਂ ਹੋਈ ਹੈ, ਪਰ ਮੁਲਜ਼ਮਾਂ ਵੱਲੋਂ ਆਪਣਾ ਜੁਰਮ ਇਕਬਾਲ ਕੀਤੇ ਜਾਣ ਤੋਂ ਬਾਅਦ ਤਿੰਨਾਂ ਖ਼ਿਲਾਫ਼ ਕਤਲ ਕੇਸ ਦਰਜ ਕਰ ਲਿਆ ਗਿਆ ਹੈ।