Sisodia ਮਨੀਸ਼ ਸਿਸੋਦੀਆ ਪੰਜਾਬ ਮਾਮਲਿਆਂ ਦੇ ਇੰਚਾਰਜ ਨਿਯੁਕਤ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਮਾਰਚ
AAP makes Manish Sisodia Punjab affairs in-charge ‘ਆਪ’ ਆਗੂ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਸੰਸਦੀ ਮਾਮਲਿਆਂ ਬਾਰੇ ਕਮੇਟੀ (PAC) ਦੀ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ। ਸੂਤਰਾਂ ਅਨੁਸਾਰ ‘ਆਪ’ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੀ ਸਿਖਰਲੀ ਲੀਡਰਸ਼ਿਪ ਨੂੰ ਤਿੰਨ ਮੁੱਖ ਰਾਜਾਂ- ਪੰਜਾਬ, ਗੁਜਰਾਤ ਤੇ ਗੋਆ ਵਿਚ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।
ਕੇਜਰੀਵਾਲ ਦੀ ਰਿਹਾਇਸ਼ 'ਤੇ ਹੋਈ ਬੈਠਕ ਵਿਚ ਗੋਪਾਲ ਰਾਏ ਦੀ ਥਾਂ ਸੌਰਭ ਭਾਰਦਵਾਜ ਨੂੰ ਦਿੱਲੀ ਦਾ ਮੁਖੀ ਤੇ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ। ਮੀਟਿੰਗ ਵਿੱਚ ਦਿੱਲੀ ਲਈ ਪਾਰਟੀ ਦੀਆਂ ਰਣਨੀਤੀਆਂ ਅਤੇ ਪੰਜਾਬ, ਗੁਜਰਾਤ ਅਤੇ ਗੋਆ ਵਿੱਚ ਇਸ ਦੇ ਵਿਸਤਾਰ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ ਗਈ।
ਬੈਠਕ ਵਿਚ ਲਏ ਫੈਸਲੇ ਮੁਤਾਬਕ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ‘ਆਪ’ ਦੀ ਪੰਜਾਬ ਇਕਾਈ ਦੇ ਕੰਮ ਦੀ ਨਿਗਰਾਨੀ ਕਰਨਗੇ। ਉਹ ਸੰਗਠਨਾਤਮਕ ਕੰਮ ਨੂੰ ਸੰਭਾਲਣਗੇ ਅਤੇ ਕੇਂਦਰੀ ਲੀਡਰਸ਼ਿਪ ਵੱਲੋਂ ਨਿਰਧਾਰਤ ਟੀਚਿਆਂ ਨੂੰ ਲਾਗੂ ਕਰਨ ਵਿੱਚ ਸੂਬਾ ਕਨਵੀਨਰ ਅਤੇ ਅਹੁਦੇਦਾਰਾਂ ਦੀ ਮਦਦ ਕਰਨਗੇ। ਇਸ ਤੋਂ ਇਲਾਵਾ ਸਿਸੋਦੀਆ ‘ਆਪ’ ਦੇ ਵਾਅਦਿਆਂ ਨੂੰ ਲਾਗੂ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਮੁੱਖ ਏਜੰਡਿਆਂ ਦੀ ਪੂਰਤੀ ’ਤੇ ਵੀ ਨਜ਼ਰ ਰੱਖਣਗੇ।
ਇੰਚਾਰਜਾਂ ਵਜੋਂ ਉਹ ‘ਆਪ’ ਹਾਈ ਕਮਾਂਡ ਅਤੇ ਪੰਜਾਬ ਯੂਨਿਟ ਦਰਮਿਆਨ ਇਕ ਸੇਤੂ ਦਾ ਕੰਮ ਕਰਨਗੇ। ਸੂਤਰਾਂ ਨੇ ਕਿਹਾ ਕਿ ਸਿਸੋਦੀਆ ਅਤੇ ਜੈਨ ਦੋਵੇਂ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਵਿੱਚ ਵਧੇਰੇ ਸਰਗਰਮ ਦਿਖਾਈ ਦੇਣਗੇ। ਦੋਵੇਂ ਸੰਗਠਨਾਤਮਕ ਕੰਮ ਤੋਂ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਸਿਹਤ ਅਤੇ ਸਿੱਖਿਆ ਖੇਤਰ ਦੀ ਕਾਇਆਕਲਪ ਤੇ ਮਜ਼ਬੂਤੀ ਵਿਚ ਸਹਾਇਤਾ ਦੇ ਨਾਲ ‘ਪੰਜਾਬ ਮਾਡਲ’ ਬਣਾਉਣ ਵਿੱਚ ਮਦਦ ਕਰਨਗੇ।