ਸਿਸੋਦੀਆ ਵੱਲੋਂ ਸਿੱਖਿਆ ਡਾਇਰੈਕਟਰ ਨੂੰ ਨਾ ਬਦਲਣ ਦੀ ਅਪੀਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਿੱਖਿਆ ਡਾਇਰੈਕਟਰ ਨੂੰ ਮੌਜੂਦਾ ਸਿੱਖਿਆ ਸੈਸ਼ਨ (ਮਾਰਚ 2021) ਤੱਕ ਦਿੱਲੀ ’ਚ ਹੀ ਰਹਿਣ ਦਿੱਤਾ ਜਾਵੇ। ਸਿਸੋਦੀਆ ਨੇ ਪੱਤਰ ਰਾਹੀਂ ਕਿਹਾ ਕਿ ਕਰੋਨਾ ਕਾਰਨ ਪੂਰਾ ਦੇਸ਼ ਇਸ ਸਮੇਂ ਡੂੰਘੇ ਸੰਕਟ ਵਿੱਚੋਂ ਲੰਘ ਰਿਹਾ ਹੈ। ਬੱਚਿਆਂ ਦੀ ਪੜ੍ਹਾਈ ਤਾਲਾਬੰਦੀ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਸਕੂਲ ਤੇ ਯੂਨੀਵਰਸਿਟੀਆਂ ਪੂਰੀ ਤਰ੍ਹਾਂ ਬੰਦ ਹਨ। ਮੁਸ਼ਕਲ ਨਾਲ ਦਿੱਲੀ ’ਚ ਕਦਮ-ਦਰ-ਕਦਮ ਯੋਜਨਾਵਾਂ ਇਸ ਸੰਕਟ ਦੇ ਸਮੇਂ ’ਚ ਵੀ ਬੱਚਿਆਂ ਦੀ ਸਿੱਖਿਆ ਨੂੰ ਕਿਸੇ ਤਰ੍ਹਾਂ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੀ ਸਥਿਤੀ ’ਚ ਅਚਾਨਕ ਦਿੱਲੀ ’ਚ ਡਾਇਰੈਕਟਰ ਆਫ਼ ਐਜੂਕੇਸ਼ਨ ਨੂੰ ਹਟਾਏ ਜਾਣ ਕਾਰਨ ਦਿੱਲੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬਹੁਤ ਨੁਕਸਾਨ ਪਹੁੰਚੇਗਾ। ਉਪ ਮੁੱਖ ਮੰਤਰੀ ਸਿਸੋਦੀਆ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ’ਚ ਬਾਰ੍ਹਵੀਂ ਜਮਾਤ ਦਾ ਨਤੀਜਾ ਇਸ ਵਾਰ 98 ਫ਼ੀਸਦੀ ਰਿਹਾ ਹੈ। ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਦੇ ਕਿਸੇ ਰਾਜ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਏਨੇ ਸ਼ਾਨਦਾਰ ਰਹੇ ਹਨ। ਇਸੇ ਤਰ੍ਹਾਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦਾ ਇੱਕ ਆਦੇਸ਼ ਹੱਥ ਆਇਆ ਜਿਸ ਵਿੱਚ ਕਿਹਾ ਗਿਆ ਹੈ ਕਿ ਸਿੱਖਿਆ ਡਾਇਰੈਕਟਰ, ਵਨਿੈ ਭੂਸ਼ਣ ਨੂੰ ਦਿੱਲੀ ਤੋਂ ਬਾਹਰ ਤਬਦੀਲ ਕਰ ਕੇ ਅੰਡੇਮਾਨ ਭੇਜ ਦਿੱਤਾ ਗਿਆ ਹੈ। ਸ੍ਰੀ ਸਿਸੋਦੀਆ ਨੇ ਕਿਹਾ ਕਿ ਅਧਿਕਾਰੀਆਂ ਦੀ ਟੀਮ ਅਗਲੇ ਕੁਝ ਸਾਲਾਂ ’ਚ ਸ਼ਾਨਦਾਰ ਸਿੱਖਿਆ ਦੇ ਬਾਰੇ ਸੁਪਨੇ ਲੈ ਰਹੀ ਸੀ। ਸ੍ਰੀ ਵਨਿੈ ਭੂਸ਼ਣ ਨੂੰ ਸਿੱਖਿਆ ਡਾਇਰੈਕਟਰ ਦਾ ਚਾਰਜ ਮਿਲਿਆ ਅਜੇ ਇਕ ਸਾਲ ਹੋਇਆ ਹੈ ਫਿਰ ਉਸ ਨੂੰ ਇਸ ਅਹੁਦੇ ਤੋਂ ਹਟਾਉਣ ’ਚ ਜਲਦਬਾਜ਼ੀ ਕੀਤੀ ਗਈ।