ਸਿਰਸਾ: ਨੁਕਸਾਨੀਆਂ ਫ਼ਸਲਾਂ ਦੇ ਬੀਮੇ ਕਲੇਮ ਤੇ ਮੁਆਵਜ਼ੇ ਲਈ ਔਰਤਾਂ ਦਾ ਧਰਨਾ, 4 ਕਿਸਾਨ 12 ਦਿਨ ਤੋਂ ਟੈਂਕੀ ’ਤੇ
ਪ੍ਰਭੂ ਦਿਆਲ
ਸਿਰਸਾ, 14 ਅਗਸਤ
ਇਥੋਂ ਦੇ ਪਿੰਡ ਨਰਾਇਣ ਖੇੜਾ ’ਚ ਨੁਕਸਾਨੀਆਂ ਫ਼ਸਲਾਂ ਦੇ ਬੀਮਾ ਕਲੇਮ ਤੇ ਮੁਆਵਜ਼ੇ ਲਈ ਕਿਸਾਨਾਂ ਦਾ ਧਰਨਾ ਜਿਥੇ ਜਾਰੀ ਹੈ, ਉਥੇ ਹੀ ਚਾਰ ਕਿਸਾਨ ਟੈਂਕੀ ’ਤੇ ਚੜ੍ਹੇ ਹੋਏ ਹਨ। ਧਰਨੇ ’ਚ ਦਰਜਨਾਂ ਪਿੰਡਾਂ ਦੀਆਂ ਮਹਿਲਾਵਾਂ ਵੱਡੀ ਗਿਣਤੀ ’ਚ ਸ਼ਿਰਕਤ ਕਰ ਰਹੀਆਂ ਹਨ। ਧਰਨੇ ’ਤੇ ਬੈਠੇ ਕਿਸਾਨਾਂ ਨੂੰ ਇਨੈਲੋ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸਰਕਾਰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨੈਲੋ ਨੇਤਾ ਅਭੈ ਸਿੰਘ ਚੌਟਾਲਾ ਪਹਿਲਾਂ ਹੀ ਕਿਸਾਨਾਂ ਦੀ ਹਮਾਇਤ ਕਰਦਿਆਂ ਐਲਾਨ ਕਰ ਚੁੱਕੇ ਹਨ ਕਿ ਉਹ ਕਿਸਾਨਾਂ ਦੀ ਆਵਾਜ਼ ਵਿਧਾਨ ਸਭਾ ਸ਼ੈਸ਼ਨ ’ਚ ਚੁੱਕਣਗੇ। ਉਧਰ ਕਿਸਾਨ ਕਮੇਟੀ ਦੇ ਆਗੂਆਂ ਨੇ ਸਰਕਾਰ ਵੱਲੋਂ ਅਣਗੌਲਿਆਂ ਕੀਤੇ ਜਾਣ ਦੇ ਰੋਸ ਵਜੋਂ 16 ਅਗਸਤ ਨੂੰ ਨੈਸ਼ਨਲ ਹਾਈ ਵੇਅ ’ਤੇ ਜਾਮ ਲਾਉਣ ਦਾ ਐਲਾਨ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਨੁਕਸਾਨੀਆਂ ਫ਼ਸਲਾਂ ਦਾ ਬੀਮਾ ਕਲੇਮ ਤੇ ਮੁਆਵਜ਼ੇ ਦੇ ਲਈ ਕਿਸਾਨਾਂ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਪਿੰਡ ਨਰਾਇਣ ਖੇੜਾ ’ਚ ਧਰਨਾ ਦਿੱਤਾ ਜਾ ਰਿਹਾ ਹੈ। ਚਾਰ ਕਿਸਾਨ 12 ਦਿਨਾਂ ਤੋਂ ਪਿੰਡ ਦੇ ਜਲ ਘਰ ਦੀ ਟੈਂਕੀ ’ਤੇ ਚੜ੍ਹੇ ਹੋਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿਸਾਨਾਂ ਦੀ ਦੋ ਵਾਰ ਦੀ ਹੋਈ ਗੱਲਬਾਤ ਬੇਸਿੱਟਾ ਰਹੀ ਹੈ।