ਸਿਰਸਾ: ਰੰਗੋਈ ਨਾਲੇ ਦਾ ਪਾਣੀ ਕੌਮੀ ਮਾਰਗ ’ਤੇ ਪਹੁੰਚਿਆ
ਪ੍ਰਭੂ ਦਿਆਲ
ਸਿਰਸਾ, 21 ਜੁਲਾਈ
ਘੱਗਰ ਮਗਰੋਂ ਹੁਣ ਰੰਗੋਈ ਨਾਲਾ ਇਲਾਕੇ ਦੇ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਥਾਂ-ਥਾਂ ਤੋਂ ਰੰਗੋਈ ਨਾਲੇ ਦੇ ਟੁੱਟ ਰਹੇ ਬੰਨ੍ਹਾਂ ਕਾਰਨ ਦਰਜਨਾਂ ਪਿੰਡਾਂ ਨੂੰ ਜਿੱਥੇ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ ਉੱਥੇ ਹੀ ਹੁਣ ਪਿੰਡ ਸਿਕੰਦਰਪੁਰ ਨੇੜੇ ਪਾਣੀ ਕੌਮੀ ਮਾਰਗ ਨੰਬਰ-9 ’ਤੇ ਚੜ੍ਹ ਗਿਆ ਹੈ, ਜਿਸ ਕਰਕੇ ਹਿਸਾਰ ਤੇ ਦਿੱਲੀ ਜਾਣ ਵਾਲੀ ਸੜਕ ਦੇ ਇਕ ਪਾਸੇ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਬਾਈਪਾਸ ਰਾਹੀਂ ਲੰਘਣਾ ਪੈ ਰਿਹਾ ਹੈ। ਸ਼ਹਿਰੀ ਆਬਾਦੀ ਨੂੰ ਰੰਗੋਈ ਨਾਲੇ ਦੇ ਪਾਣੀ ਤੋਂ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਪਿੰਡ ਵੈਦਵਾਲਾ ਤੇ ਬਾਜੇਕਾਂ ਨੂੰ ਜਾਣ ਵਾਲੀ ਸੜਕ ’ਤੇ ਬੰਨ੍ਹ ਬਣਾਇਆ ਜਾ ਰਿਹਾ ਹੈ। ਉੱਧਰ, ਘੱਗਰ ਦੇ ਹੜ੍ਹ ਕਾਰਨ ਸਿਰਸਾ ਜ਼ਿਲ੍ਹੇ ਵਿੱਚ ਕਰੀਬ 15 ਹਜ਼ਾਰ ਏਕੜ ਰਕਬੇ ’ਚ ਬੀਜੀ ਫ਼ਸਲ ਪਾਣੀ ’ਚ ਡੁੱਬ ਚੁੱਕੀ ਹੈ ਅਤੇ ਅੱਧੀ ਦਰਜਨ ਪਿੰਡਾਂ ਦੇ ਬਾਹਰੀ ਇਲਾਕੇ ’ਚ ਜਿੱਥੇ ਪਾਣੀ ਦਾਖ਼ਲ ਹੋ ਗਿਆ ਹੈ ਉੱਥੇ ਹੀ ਦਰਜਨਾਂ ਢਾਣੀਆਂ ਪਾਣੀ ’ਚ ਘਿਰ ਗਈਆਂ ਹਨ। ਘੱਗਰ ਮਗਰੋਂ ਹੁਣ ਰੰਗੋਈ ਨਾਲੇ ਤੋਂ ਹੜ੍ਹ ਦਾ ਖ਼ਦਸ਼ਾ ਬਣ ਗਿਆ ਹੈ।
ਰੰਗੋਈ ਨਾਲੇ ’ਚ ਲਗਾਤਾਰ ਵਧ ਰਹੇ ਪਾਣੀ ਕਾਰਨ ਥਾਂ-ਥਾਂ ਤੋਂ ਬੰਨ੍ਹ ਉੱਛਲ ਰਹੇ ਹਨ, ਜਨਿ੍ਹਾਂ ਨੂੰ ਪਿੰਡਾਂ ਦੇ ਲੋਕਾਂ ਵੱਲੋਂ ਟਰੈਕਟਰ ਟਰਾਲੀਆਂ ਨਾਲ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ। ਜੇਸੀਬੀ ਮਸ਼ੀਨਾਂ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਚ ਲੱਗੀਆਂ ਹੋਈਆਂ ਹਨ। ਰੰਗੋਈ ਨਾਲੇ ’ਤੇ ਪਿੰਡ ਬਾਜੇਕਾਂ ਨੇੜੇ ਪਾਣੀ ਲਈ ਅੜਿੱਕਾ ਬਣੇ ਇਕ ਪੁਲ ਨੂੰ ਜੇਸੀਬੀ ਨਾਲ ਤੋੜ ਕੇ ਪਾਣੀ ਦੇ ਵਹਾਅ ਨੂੰ ਤੇਜ਼ ਕੀਤਾ ਗਿਆ ਹੈ। ਉੱਧਰ, ਪਿੰਡ ਸਿਕੰਦਰਪਰ ਨੇੜੇ ਪਏ ਪਾੜ ਨੂੰ ਭਾਵੇਂ ਕਿ ਲੋਕਾਂ ਨੇ ਪੂਰ ਦਿੱਤਾ ਹੈ ਪਰ ਕੁਝ ਕਿੱਲਿਆਂ ’ਚ ਭਰਿਆ ਪਾਣੀ ਕੌਮੀ ਮਾਰਗ ਨੰਬਰ-9 ’ਤੇ ਚੜ੍ਹ ਗਿਆ ਹੈ।
ਪਾਣੀ ਕੌਮੀ ਮਾਰਗ ’ਤੇ ਆਉਣ ਕਾਰਨ ਹਿਸਾਰ, ਦਿੱਲੀ ਨੂੰ ਜਾਣ ਵਾਲਾ ਸੜਕ ਦੇ ਇਕ ਪਾਸੇ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਉੱਧਰ, ਜ਼ਿਲ੍ਹਾ ਪ੍ਰਸ਼ਾਸਨ ਨੇ ਰੰਗੋਈ ਦੇ ਹੜ੍ਹ ਤੋਂ ਸਿਰਸਾ ਸ਼ਹਿਰ ਨੂੰ ਬਚਾਉਣ ਲਈ ਜਿੱਥੇ ਸਿਕੰਦਰਪੁਰ ਤੋਂ ਪਿੰਡ ਫੁਲਕਾਂ ਤੱਕ ਜਾਣ ਵਾਲੀ ਸੜਕ ’ਤੇ ਆਰਜ਼ੀ ਬੰਨ੍ਹ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਉਥੇ ਹੀ ਪਿੰਡ ਵੈਦਵਾਲਾ ਤੋਂ ਪਿੰਡ ਬਾਜੇਕਾਂ ਨੂੰ ਜਾਣ ਵਾਲੀ ਸੜਕ ਦੇ ਇਕ ਪਾਸੇ ਆਰਜ਼ੀ ਬੰਨ੍ਹ ਬਣਾਇਆ ਜਾ ਰਿਹਾ ਹੈ। ਪਿੰਡ ਵੈਦਵਾਲਾ ਦੇ ਲੋਕਾਂ ਵੱਲੋਂ ਬੰਨ੍ਹ ਬਣਾਏ ਜਾਣ ਦਾ ਵਿਰੋਧ ਕੀਤੇ ਜਾਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਪਿੰਡ ਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰੀ ਕੰਮ ’ਚ ਰੁਕਵਾਟ ਪਾਈ ਗਈ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਧਰ ਘੱਗਰ ਵਿੱਚ ਅੱਜ ਭਾਵੇਂ ਕਿ ਪਾਣੀ ਜ਼ਿਆਦਾ ਨਹੀਂ ਚੜ੍ਹਿਆ ਪਰ ਹੜ੍ਹ ਦਾ ਖ਼ਦਸ਼ਾ ਹਾਲੇ ਟਲਿਆ ਨਹੀਂ ਹੈ। ਪਾਣੀ ’ਚ ਘਿਰੀਆਂ ਢਾਣੀਆਂ ਤੇ ਪਿੰਡਾਂ ਦੇ ਲੋਕਾਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਹਾਇਤਾ ਪਹੁੰਚਾਈ ਜਾ ਰਹੀ ਹੈ।
ਘੱਗਰ ’ਚ ਪਾਣੀ ਵਧਣ ਕਾਰਨ ਏਲਨਾਬਾਦ-ਰਾਣੀਆ ਖੇਤਰ ਵਿੱਚ ਸਥਿਤੀ ਗੰਭੀਰ
ਏਲਨਾਬਾਦ (ਜਗਤਾਰ ਸਮਾਲਸਰ): ਘੱਗਰ ਨਦੀ ਵਿੱਚ ਓਟੂ ਹੈੱਡ ’ਤੇ ਪਾਣੀ ਦਾ ਪੱਧਰ ਲਗਾਤਾਰ ਵਧਣ ਤੋਂ ਬਾਅਦ ਏਲਨਾਬਾਦ-ਰਾਣੀਆਂ ਖੇਤਰ ਵਿੱਚ ਸਥਿਤੀ ਪੂਰੀ ਤਰ੍ਹਾਂ ਗੰਭੀਰ ਬਣੀ ਹੋਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਅੱਜ ਓਟੂ ਹੈੱਡ ’ਤੇ 44 ਹਜ਼ਾਰ ਕਿਊਸਿਕ ਪਾਣੀ ਪਹੁੰਚਿਆ ਹੈ ਜਿਸ ਵਿੱਚੋਂ 40 ਹਜ਼ਾਰ ਕਿਊਸਿਕ ਪਾਣੀ ਘੱਗਰ ਵਿੱਚ ਵਗ ਰਿਹਾ ਹੈ ਜੋ ਕਿ ਪਿਛਲੇ 25 ਸਾਲ ਦੇ ਰਿਕਾਰਡ ਨੂੰ ਵੀ ਤੋੜ ਰਿਹਾ ਹੈ। ਸਾਲ 1995 ਵਿੱਚ ਘੱਗਰ ਵਿੱਚ 40 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਆਇਆ ਸੀ। ਸਾਲ 2010 ਦੌਰਾਨ ਜਦੋਂ ਪਿੰਡ ਵਣੀ ਵਿੱਚ ਘੱਗਰ ਦਰਿਆ ਟੁੱਟਿਆ ਸੀ ਤਾਂ ਉਸ ਸਮੇਂ ਵੀ 35 ਹਜ਼ਾਰ ਕਿਊਸਕ ਦੇ ਕਰੀਬ ਪਾਣੀ ਆਇਆ ਸੀ। ਇਸ ਵਾਰ ਘੱਗਰ ਵਿੱਚ ਐਨੀ ਵੱਡੀ ਪੱਧਰ ’ਤੇ ਆਏ ਪਾਣੀ ਨੇ ਇਲਾਕੇ ਦੇ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪ੍ਰਸ਼ਾਸਨ ਵਲੋਂ ਜਿੱਥੇ ਸਥਿਤੀ ਕਾਬੂ ਹੇਠ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਆਸਪਾਸ ਦੇ ਪਿੰਡਾਂ ਦੇ ਲੋਕ ਦਨਿ-ਰਾਤ ਘੱਗਰ ’ਤੇ ਪਹਿਰਾ ਦੇ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਵੀ ਵੱਡੀ ਪੱਧਰ ’ਤੇ ਸੇਵਾ ਵਿੱਚ ਜੁੱਟੀਆਂ ਹੋਈਆਂ ਹਨ। ਅੱਜ ਸਵੇਰੇ ਪਾਣੀ ਦਾ ਪੱਧਰ ਅਚਾਨਕ ਵਧਣ ਨਾਲ ਇੱਕ ਵਾਰ ਫਿਰ ਲੋਕਾਂ ਵਿੱਚ ਭੈਅ ਬਣਿਆ ਹੋਇਆ ਹੈ।
ਕਿਸਾਨ ਸਭਾ ਦੇ ਵਫ਼ਦ ਵੱਲੋਂ ਘੱਗਰ ਦੇ ਬੰਨ੍ਹਾਂ ਦਾ ਦੌਰਾ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਇਕ ਵਫ਼ਦ ਵੱਲੋਂ ਅੱਜ ਘੱਗਰ ਦਰਿਆ ਦੇ ਬੰਨ੍ਹਾਂ ਦਾ ਦੌਰਾ ਕੀਤਾ ਗਿਆ। ਵਫ਼ਦ ਨੇ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰ ਰਹੇ ਲੋਕਾਂ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਘੱਗਰ ਦੇ ਹੜ੍ਹ ਨੂੰ ਰੋਕਣ ਲਈ ਪਹਿਲਾਂ ਤੋਂ ਕੀਤੇ ਗਏ ਪ੍ਰਬੰਧਾਂ ਨੂੰ ਨਾਕਾਫੀ ਦੱਸਿਆ। ਕਿਸਾਨ ਸਭਾ ਦੇ ਵਫ਼ਦ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹੜ੍ਹਾਂ ਨੂੰ ਰੋਕਣ ਲਈ ਕੀਤੇ ਗਏ ਪ੍ਰਬੰਧ ਨਾਕਾਫੀ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਭਾਵੇਂ ਕਿ ਕੁਦਰਤੀ ਆਫ਼ਤ ਹੈ ਪਰ ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਸਮਾਂ ਰਹਿੰਦੇ ਪ੍ਰਬੰਧ ਕਰ ਕੇ ਘੱਟ ਕੀਤਾ ਜਾ ਸਕਦਾ ਸੀ, ਜੋ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਜੱਦੋ-ਜਹਿਦ ਕਰਕੇ ਹੁਣ ਤੱਕ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਕੇ ਹੜ੍ਹ ਤੋਂ ਬਚਾਅ ਕੀਤਾ ਹੈ। ਇਸ ਮੌਕੇ ਕਿਸਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਰਾਜ ਸਿੰਘ ਬਣੀ, ਲੋਕ ਪੰਚਾਇਤ ਤੇ ਸਕੱਤਰ ਸੁਖਦੇਵ ਸਿੰਘ ਕੱਕਾ, ਸ਼ੀਤਲ ਸਿੰਘ ਨੰਬਰਦਾਰ ਕਰੀਵਾਲਾ, ਲੱਖਬੀਰ ਸਿੰਘ ਝੱਬਰ ਆਦਿ ਵੀ ਵਫ਼ਦ ਵਿੱਚ ਸ਼ਾਮਲ ਸਨ।