ਸਿਰਸਾ: ਸਰਕਾਰੀ ਕਰਮਚਾਰੀ ਦਾ ਦਰਜਾ ਲੈਣ ਲਈ ਆਸ਼ਾ ਵਰਕਰਾਂ ਵੱਲੋਂ ਧਰਨਾ
ਪ੍ਰਭੂ ਦਿਆਲ
ਸਿਰਸਾ, 23 ਅਗਸਤ
ਸਰਕਾਰੀ ਕਰਮਚਾਰੀ ਦਾ ਦਰਜਾ ਲੈਣ ਲਈ ਆਸ਼ਾ ਵਰਕਰਜ਼ ਯੂਨੀਅਨ ਨੇ ਇਥੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਸਰਕਾਰ ਆਸ਼ਾ ਵਰਕਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਨਹੀਂ ਦਿੰਦੀ, ਉਦੋਂ ਤੱਕ ਘੱਟੋ ਘੱਟ 26 ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ ਜਾਏ।
ਮਿੰਨੀ ਸਕੱਤਰੇਤ ਦੇ ਬਾਹਰ ਧਰਨੇ ’ਤੇ ਬੈਠੀਆਂ ਆਸ਼ਾ ਵਰਕਰਾਂ ਨੂੰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਦਰਸ਼ਨਾ ਦੇਵੀ, ਸ਼ਿਮਲਾ ਝੌਪੜਾ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਮਹਿਜ ਚਾਰ ਹਜ਼ਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ। ਕਰੋਨਾ ਦੌਰਾਨ ਆਸ਼ਾ ਵਰਕਰਾਂ ਨੇ ਪਹਿਲੀ ਕਤਾਰ ’ਚ ਕੰਮ ਕਰਕੇ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਕੀਤਾ। ਹੁਣ ਪਿੰਡਾਂ ਵਿੱਚ ਆਸ਼ਾ ਵਰਕਰ ਗਰਭਵਤੀ ਮਹਿਲਾਵਾਂ ਤੇ ਛੋਟੇ ਬੱਚਿਆਂ ਦੇ ਵੈਕਸੀਨੇਸ਼ਨ ਸਮੇਤ ਕਈ ਕਾਰਜ ਕਰ ਰਹੀਆਂ ਹਨ। ਆਸ਼ਾ ਵਰਕਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਏ, ਜਦੋਂ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਨੂੰ ਘੱਟੋ ਘੱਟ 26 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਏ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਆਸ਼ਾ ਵਰਕਰ ਮੌਜੂਦ ਸਨ।