ਸਿਰਸਾ: ਐੱਸਕੇਐੱਮ ਦੇ ਸੱਦੇ ’ਤੇ ਕਿਸਾਨਾਂ ਨੇ ਆਪਣੇ ਟਰੈਕਟਰ ਸੜਕਾਂ ’ਤੇ ਖੜ੍ਹੇ ਕੀਤੇ
02:28 PM Feb 26, 2024 IST
ਪ੍ਰਭੂ ਦਿਆਲ
ਸਿਰਸਾ, 26 ਫਰਵਰੀ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨਾਂ ਨੇ ਵੱਖ-ਵੱਖ ਥਾਵਾਂ ’ਤੇ ਨੈਸ਼ਨਲ ਹਾਈ ਵੇਅ ਅਤੇ ਸਟੇਟ ਵੇਅ ’ਤੇ ਆਪਣੇ ਟਰੈਕਟਰ ਦਿੱਲੀ ਵੱਲ ਮੂੰਹ ਕਰਕੇ ਖੜ੍ਹੇ ਕੀਤੇ ਅਤੇ ਡਬਲਿਊਟੀਓ ਦਾ ਪੁਤਲਾ ਫੂਕਿਆ। ਇਸ ਦੌਰਾਨ ਕਿਸਾਨਾਂ ਨੇ ਖੇਤੀ ਨੂੰ ਡਬਲਿਊਟੀਓ ਤੋਂ ਬਾਹਰ ਰੱਖਣ ਅਤੇ ਕਿਸਾਨੀ ਮੰਗਾਂ ਨੂੰ ਜਲਦ ਪੂਰੀਆਂ ਕਰਨ ਦੀ ਮੰਗ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਸਭਾ ਦੇ ਆਗੂ ਡਾ. ਸੁਖਦੇਵ ਸਿੰਘ ਜੰਮੂ ਦੀ ਅਗਵਾਈ ਹੇਠ ਕਿਸਾਨਾਂ ਨੇ ਨੈਸ਼ਨਲ ਹਾਈ ਵੇਅ ਨੌਂ ’ਤੇ ਭਾਵਦੀਨ ਟੌਲ ਪਲਾਜੇ ਨੇੜੇ ਆਪਣੇ ਟਰੈਕਟਰ ਖੜ੍ਹੇ ਕੀਤੇ। ਕਿਸਾਨ ਆਗੂ ਸੁਵਰਨ ਸਿੰਘ ਵਿਰਕ ਦੀ ਅਗਵਾਈ ਹੇਠ ਸੈਂਕੜੇ ਟਰੈਕਟਰ ਸਿਰਸਾ-ਜੀਵਨ ਨਗਰ ਰੋਡ ’ਤੇ ਦਿੱਲੀ ਵੱਲ ਮੂੰਹ ਕਰਕੇ ਖੜ੍ਹੇ ਕੀਤੇ ਗਏ। ਖੈਰੇਕਾਂ ਨੇੜੇ ਨੈਸ਼ਨਲ ਹਾਈ ਵੇਅ ’ਤੇ ਸੈਂਕੜੇ ਕਿਸਾਨਾਂ ਨੇ ਆਪਣੇ ਟਰੈਕਟਰ ਸੜਕ ’ਤੇ ਖੜ੍ਹੇ ਕੀਤੇ ਅਤੇ ਡਬਲਿਊਟੀਓ ਦਾ ਪੁਤਲਾ ਫੂਕਿਆ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਸੈਂਕੜੇ ਕਿਸਾਨ ਆਪਣੇ ਟਰੈਕਟਰਾਂ ਨਾਲ ਮੌਜੂਦ ਸਨ।
Advertisement
Advertisement