ਸਿਰਸਾ: ਕਿਸਾਨ ਅੰਦੋਲਨ ਨਾਲ ਨਜਿੱਠਣ ਲਈ ਹਰਿਆਣਾ ਪੁਲੀਸ ਤਿਆਰ, ਦਿੱਲੀ ਕੂਚ ਲਈ ਕਿਸਾਨ ਲਾਮਬੰਦ
ਪ੍ਰਭੂ ਦਿਆਲ
ਸਿਰਸਾ, 8 ਫਰਵਰੀ
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ ’ਤੇ 13 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਲਈ ਜਿਥੇ ਕਮਰਕੱਸੇ ਕੀਤੇ ਗਏ ਹਨ ਉਥੇ ਹੀ ਕਿਸਾਨਾਂ ਨਾਲ ਨਜਿੱਠਣ ਲਈ ਪੁਲੀਸ ਵੀ ਪੱਬਾਂ ਭਾਰ ਹੋ ਗਈ ਹੈ। ਕਿਸਾਨਾਂ ਨੇ ਪਿੰਡਾਂ ’ਚ ਟਰੈਕਟਰ ਮਾਰਚ ਕਰਕੇ ਕਿਸਾਨਾਂ ਨੂੰ ਦਿੱਲੀ ਕੂਚ ਲਈ ਲਾਮਬੰਦ ਕੀਤਾ ਹੈ। ਦੂਜੇ ਪਾਸੇ ਪੁਲੀਸ ਲਾਈਨ ’ਚ ਪੁਲੀਸ ਨੂੰ ਮੌਕ ਡ੍ਰਿੱਲ ਕਰਕੇ ਕਿਸਾਨਾਂ ਨਾਲ ਨਜਿੱਠਣ ਦੀ ਰਣਨੀਤੀ ਤਿਆਰ ਕਰ ਲਈ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵੱਲੋਂ 13 ਫਰਵਰੀ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕਿਸਾਨ ਅੰਦੋਲਨ ’ਚ ਹਿੱਸਾ ਲੈਣ ਵਾਲੇ ਕਿਸਾਨਾਂ ਦੇ ਪਾਸਪੋਰਟ, ਅਸਲਾ ਲਾਇਸੈਂਸ ਤੇ ਟਰੈਕਟਰਾਂ ਤੇ ਹੋਰ ਵਾਹਨਾਂ ਦਾ ਰਜਿਸਟੇਰੇਸ਼ਨ ਰੱਦ ਕਰਨ ਦੀਆਂ ਧਮਕੀਆਂ ਦੇ ਕੇ ਡਰਾਇਆ ਜਾ ਰਿਹਾ ਹੈ। ਕਿਸਾਨ ਸਰਕਾਰ, ਪੁਲੀਸ ਤੇ ਪ੍ਰਸ਼ਾਸਨ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ। ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਦੇ ਲਈ ਹੱਦਾਂ ’ਤੇ ਵੱਡੇ ਬੈਰੀਕੇਡ ਤੇ ਵੱਡੇ-ਵੱਡੇ ਪੱਥਰ ਹੁਣੇ ਤੋਂ ਰੱਖੇ ਜਾ ਰਹੇ ਹਨ। ਪੁਲੀਸ ਵੱਲੋਂ ਪਿੰਡਾਂ ’ਚ ਕਿਸਾਨਾਂ ਨੂੰ ਅੰਦੋਲਨ ’ਚ ਨਾ ਜਾਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕਿਸਾਨ ਅੰਦੋਲਨ ਦੌਰਾਨ ਵੀ ਹਰਿਆਣਾ ਪੁਲੀਸ ਨੇ ਪੰਜਾਬ ਦੇ ਕਿਸਾਨਾਂ ਨੂੰ ਹੱਦਾਂ ’ਤੇ ਰੋਕਣ ਲਈ ਜਿਥੇ ਵੱਡੇ ਬੈਰੀਕੇਡ ਤੇ ਟੋਏ ਪੁੱਟੇ ਸਨ ਉਥੇ ਹੀ ਟਰੱਕਾਂ ਨੂੰ ਵੀ ਸੜਕਾਂ ’ਤੇ ਖੜ੍ਹਾ ਕੀਤਾ ਸੀ ਪਰ ਕਿਸਾਨਾਂ ਨੇ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਵੱਡੀ ਗਿਣਤੀ ’ਚ ਹਰਿਆਣਾਂ ਰਾਹੀਂ ਦਿੱਲੀ ਪੁੱਜੇ ਸਨ।