ਸਿਰਸਾ: ਗੈਸਟ ਅਧਿਆਪਕਾਂ ਨੇ ਪੱਕਾ ਹੋਣ ਲਈ ਘੇਰੀ ਦੁਸ਼ਿਅੰਤ ਚੌਟਾਲਾ ਦੀ ਕੋਠੀ
ਪ੍ਰਭੂ ਦਿਆਲ
ਸਿਰਸਾ, 12 ਅਗਸਤ
ਗੈਸਟ ਅਧਿਆਪਕਾਂ ਨੇ ਨੌਕਰੀ ਪੱਕੀ ਕਰਾਉਣ ਲਈ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਕੋਠੀ ਦਾ ਘਿਰਾਓ ਕਰਕੇ ਧਰਨਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਕਾਫੀ ਸਮੇਤ ਤੱਕ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਕਾਰਨ ਪੁਲੀਸ ਨੂੰ ਭਾਜੜਾਂ ਪੈ ਗਈਆਂ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਗੈਸਟ ਅਧਿਆਪਕਾਂ ਦੀ ਨਿਯੁਕਤੀ 1998 ’ਚ ਸਾਰੇ ਨਿਯਮ ਪੂਰੇ ਕਰਨ ਮਗਰੋਂ ਕੀਤੀ ਗਈ ਪਰ ਹਾਲੇ ਤੱਕ ਗੈਸਟ ਅਧਿਆਪਕਾਂ ਨੂੰ ਪੱਕਾ ਨਹੀਂ ਕੀਤਾ ਗਿਆ, ਜਦੋਂਕਿ ਗੈਸਟ ਅਧਿਆਪਕ ਵਿਦਿਆਰਥੀਆਂ ਦੇ ਚਹੁੰਪੱਖੀ ਵਿਕਾਸ ਲਈ ਕੰਮ ਕਰ ਰਹੇ ਹਨ।
ਗੈਸਟ ਅਧਿਆਪਕਾਂ ਦੇ ਨਤੀਜੇ ਵੀ ਬਿਹਤਰੀਨ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਗੈਸਟ ਅਧਿਆਪਕਾਂ ਨੂੰ ਪੱਕਾ ਕਰਨ ਦਾ ਵਾਆਦਾ ਕੀਤਾ ਸੀ। ਬਾਅਦ ਵਿੱਚ ਗੈਸਟ ਅਧਿਆਪਕਾਂ ਨੇ ਚੌਟਾਲਾ ਹਾਊਸ ’ਚ ਮੌਜੂਦ ਪਾਰਟੀ ਆਗੂਆਂ ਨੂੰ ਆਪਣਾ ਮੰਗ ਪੱਤਰ ਸੌਂਪਿਆ ਤੇ ਉਨ੍ਹਾਂ ਦੀ ਮੰਗ ਉਪ ਮੁੱਖ ਮੰਤਰੀ ਤੱਕ ਪਹੁੰਚਾਉਣ ਲਈ ਕਿਹਾ। ਇਸ ਮੌਕੇ ’ਤੇ ਮਹਿਲਾ ਗੈਸਟ ਅਧਿਆਪਕਾਵਾਂ ਸਮੇਤ ਕਈ ਗੈਸਟ ਅਧਿਆਪਕ ਮੌਜੂਦ ਸਨ।