ਸਿਰਸਾ: ਐੱਮਐੱਸਪੀ ’ਤੇ ਖਰੀਦ ਨਾ ਹੋਣ ’ਤੇ ਕਿਸਾਨਾਂ ਨੇ ਭਾਰਤੀ ਕਪਾਹ ਨਿਗਮ ਦਫ਼ਤਰ ਘੇਰਿਆ
ਪ੍ਰਭੂ ਦਿਆਲ
ਸਿਰਸਾ, 29 ਨਵੰਬਰ
ਐੱਮਐੱਸਪੀ ’ਤੇ ਨਰਮੇ ਦੀ ਖਰੀਦ ਨਾ ਹੋਣ ਦੇ ਵਿਰੋਧ ’ਚ ਭਾਰਤੀ ਕਿਸਾਨ ਏਕਤਾ ਦੇ ਬੈਨਰ ਹੇਠ ਕਿਸਾਨਾਂ ਨੇ ਭਾਰਤੀ ਕਿਸਾਨ ਨਿਗਮ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਤੇ ਭਾਰਤੀ ਕਪਾਹ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਪਣੀਆਂ ਨਰਮੇ ਦੀਆਂ ਭਰੀਆਂ ਟਰਾਲੀਆਂ ਲੈ ਕੇ ਭਾਰਤੀ ਕਪਾਹ ਨਿਗਮ ਦੇ ਦਫ਼ਤਰ ਪੁੱਜੇ, ਜਿਥੇ ਕਿਸਾਨਾਂ ਨੇ ਨਿਗਮ ਦੇ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ। ਇਸ ਦੌਰਾਨ ਭਾਰਤੀ ਕਿਸਾਨ ਏਕਤਾ (ਬੀਕੇਈ) ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਕਪਾਹ ਨਿਗਮ ਦੀ ਇਕੋ-ਇਕ ਸਰਕਾਰੀ ਖਰੀਦ ਏਜੰਸੀ ਹੈ ਜੋ ਘੱਟੋ-ਘੱਟ ਸਮਰਥਨ ਮੁੱਲ ’ਤੇ ਕਪਾਹ ਦੀ ਖਰੀਦ ਕਰਦੀ ਹੈ ਪਰ ਇਸ ਵਾਰ ਨਰਮਾ ਖਰਾਬ ਹੋਣ ਦਾ ਬਹਾਨਾ ਬਣ ਕੇ ਖਰੀਦ ਨਹੀਂ ਕੀਤੀ ਜਾ ਰਹੀ,ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਤੇ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਰਮਾ ਉਤਪਾਦਕ ਕਿਸਾਨ ਪਿਛਲੇ ਤਿੰਨ ਸੀਜ਼ਨਾਂ ਤੋਂ ਭਾਰੀ ਘਾਟੇ ਦਾ ਸਾਹਮਣਾ ਕਰ ਰਹੇ ਹਨ ਅਤੇ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਇਸ ਵਾਰ ਵੀ ਗੁਲਾਬੀ ਕੀੜੇ ਕਾਰਨ ਨਰਮੇ ਦਾ ਝਾੜ ਕਾਫੀ ਘੱਟ ਗਿਆ ਹੈ ਤੇ ਦੂਜੇ ਪਾਸੇ ਸਮਰਥਨ ਮੁੱਲ ’ਤੇ ਨਰਮੇ ਦੀ ਖਰੀਦ ਨਹੀਂ ਹੋ ਰਹੀ। ਕਿਸਾਨਾਂ ਦੇ ਵਫ਼ਦ ਨੇ ਭਾਰਤੀ ਕਪਾਹ ਨਿਗਮ ਦੇ ਅਧਿਕਾਰੀਆਂ ਨੂੰ ਆਪਣਾ ਮੰਗ ਪੱਤਰ ਸੌਂਪਿਆ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਭਾਰਤੀ ਕਪਾਹ ਨਿਗਮ ਬਿਨਾਂ ਕਿਸੇ ਸ਼ਰਤ ਤੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਨਰਮੇ ਦੀ ਖਰੀਦ ਸ਼ੁਰੂ ਨਹੀਂ ਕੀਤੀ ਤਾਂ ਕਿਸਾਨ ਸੂਬੇ ਭਰ ਵਿੱਚ ਭਾਰਤੀ ਕਪਾਹ ਨਿਗਮ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਬੀਕੇਈ ਦੇ ਸੂਬਾ ਜਨਰਲ ਸਕੱਤਰ ਅੰਗਰੇਜ਼ ਸਿੰਘ ਕੋਟਲੀ, ਪ੍ਰਧਾਨ ਪ੍ਰਕਾਸ਼ ਮਮੇਰਾਂ, ਬਲਵਿੰਦਰ ਸਿੰਘ ਭਾਂਭੂਰ, ਦੀਪੂ ਗਿੱਲ, ਨਛੱਤਰ ਸਿੰਘ ਝੋਰੜ ਰੋਹੀ, ਪੰਕਜ ਜਾਖੜ, ਪਿੰਦਾ ਕਾਹਲੋਂ, ਗੁਰਜੀਤ ਸਿੰਘ ਮਾਨ, ਸੁਨੀਲ ਨੈਨ, ਮਹਾਵੀਰ ਗੋਦਾਰਾ, ਓਮ ਪ੍ਰਕਾਸ਼ ਡਿੰਗ, ਅਮਰੀਕ ਸਿੰਘ. ਮੋਰੀਵਾਲਾ, ਇਕਬਾਲ ਸਿੰਘ, ਹਰਚਰਨ ਸਿੰਘ, ਕਸ਼ਮੀਰ ਸਿੰਘ, ਰਾਜੂ ਰਘੂਆਣਾ, ਹੰਸਰਾਜ ਪੱਚਰ ਮੱਟੂਵਾਲਾ, ਕਾਲੂਰਾਮ ਗੋਦਾਰਾ ਸਮੇਤ ਕਈ ਕਿਸਾਨ ਮੌਜੂਦ ਸਨ।