ਸਿਰਸਾ: ਮੋਘਾ ਰੱਦ ਕਰਵਾਉਣ ਲਈ ਕਿਸਾਨਾਂ ਨੇ ਕੀਤਾ ਵਿਸ਼ਾਲ ਟਰੈਕਟਰ ਮਾਰਚ
ਪ੍ਰਭੂ ਦਿਆਲ
ਸਿਰਸਾ, 24 ਜਨਵਰੀ
ਡੇਰਾ ਸਿਰਸਾ ਦੇ ਸ਼ਾਹ ਸਤਨਾਮ ਪੁਰਾ ਨੂੰ ਸਿਰਸਾ ਮੇਜਰ ਨਹਿਰ ’ਚੋਂ ਪਾਣੀ ਦੇਣ ਲਈ ਲਾਏ ਜਾ ਰਹੇ ਮੋਘੇ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਯੁਕਤ ਮੋਰਚਾ ਦੇ ਬੈਨਰ ਹੇਠ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੇ ਟਰੈਕਟਰ ਮਾਰਚ ਕਰਕੇ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਕੁਝ ਸਮੇਂ ਲਈ ਧਰਨਾ ਦਿੱਤਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ। ਮੋਘਾ ਰੱਦ ਨਾ ਕੀਤੇ ਜਾਣ ’ਤੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ। ਪਿੰਡ ਬਾਜੇਕਾਂ ਤੇ ਫੂਲਕਾਂ ਵਿਚਾਲੇ ਪੱਕਾ ਮੋਰਚਾ ਤਹਿਤ ਧਰਨਾ ਲਾ ਕਿਸਾਨਾਂ ਨੇ ਅੱਜ ਪਿੰਡ ਬਾਜੇਕਾਂ ਤੋਂ ਮਿੰਨੀ ਸਕੱਤਰੇਤ ਤੱਕ ਵਿਸ਼ਾਲ ਟਰੈਕਟਰ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਕਿਸਾਨ ਸਭਾ ਦੇ ਆਗੂ ਡਾ. ਸੁਖਦੇਵ ਸਿੰਘ ਜੰਮੂ, ਰਾਜ ਕੁਮਾਰ ਸ਼ੇਖੁਪੁਰੀਆ, ਰਘੁਵੀਰ ਨਕੌੜਾ, ਭਜਨ ਲਾਲ ਢੋਟ, ਸੇਵਾ ਮੁਕਤ ਪ੍ਰਿੰਸੀਪਲ ਰਾਮ ਚੰਦ, ਭਜਨ ਲਾਲ ਵਿਨਾਇਕ, ਗੁਰਾਂਦਿੱਤਾ, ਰਾਮ ਕਿਸ਼ਨ ਫੌਜੀ ਨੇ ਦੱਸਿਆ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਡੇਰਾ ਸਿਰਸਾ ਵੱਲੋਂ ਵਸਾਏ ਪਿੰਡ ਸ਼ਾਹ ਸਤਨਾਮ ਪੁਰਾ ਲਈ ਸਿਰਸਾ ਮੇਜਰ ਨਹਿਰ ’ਚ ਮੋਘਾ ਲਾ ਕੇ ਕਰੀਬ ਪੰਦਰਾਂ ਕਿਲੋਮੀਟਰ ਲੰਮੀ ਪਾਈਪ ਲਾਈਨ ਦੇ ਜ਼ਰੀਏ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂਕਿ ਸ਼ਾਹ ਸਤਨਾਮ ਪੁਰਾ ਪਿੰਡ ਪਹਿਲਾਂ ਹੀ ਵਣਮੰਦੌਰੀ ਨਹਿਰ ਦੇ ਕੰਢੇ ਵਸਿਆ ਹੋਇਆ ਹੈ ਤੇ ਪੀਣ ਲਈ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਧਰਨਾਕਾਰੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਧਰਨੇ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ ’ਚ ਭਾਰੀ ਰੋਹ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੋਘਾ ਰੱਦ ਨਾ ਕੀਤਾ ਗਿਆ ਤਾਂ ਕਿਸਾਨ ਤਿੱਖਾ ਅੰਦੋਲਨ ਕਰਨਗੇ। ਇਸ ਮੌਕੇ ਪਿੰਡ ਬਾਜੇਕਾਂ ਤੋਂ ਇਲਾਵਾ ਫੂਲਕਾਂ, ਅਲੀਮੁਹੰਮਦ, ਵੈਦਵਾਲਾ, ਸਿਕੰਦਰਪੁਰ, ਕੰਗਣਪੁਰ, ਬੇਗੂ, ਖਾਜਾਖੇੜਾ ਦੇ ਕਿਸਾਨ ਆਪਣੇ ਟਰੈਕਟਰ ਨਾਲ ਵੱਡੀ ਗਿਣਤੀ ’ਚ ਮੌਜੂਦ ਸਨ।