ਸਿਰਸਾ: ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਪ੍ਰਭੂ ਦਿਆਲ
ਸਿਰਸਾ, 8 ਅਗਸਤ
ਆਲ ਹਰਿਆਣਾ ਪਾਰਵ ਕਾਰਪੋਰੇਸ਼ਨ ਵਰਕਰਜ਼ ਯੂਨੀਅਨ ਦੇ ਬੈਨਰ ਹੇਠ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜੀਵਨ ਨਗਰ ਸਬ ਡਿਵੀਜ਼ਨ ’ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੀ ਅਗਵਾਈ ਸੁਨੀਲ ਕੁਮਾਰ ਮੈਹਲਾ ਨੇ ਕੀਤੀ। ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਅਵਿਨਾਸ਼ ਚੰਦਰ ਕੰਬੋਜ ਨੇ ਕਿਹਾ ਕਿ ਬਿਜਲੀ ਮੁਲਾਜ਼ਮ ਆਪਣੀਆਂ 31 ਸੂਤਰੀ ਮੰਗਾਂ ਨੂੰ ਲੈ ਕੇ ਵਾਰ ਵਾਰ ਸਰਕਾਰ ਤੇ ਸਬੰਧਤ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਰਹੇ ਹਨ ਪਰ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜਲਦ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਸਤੰਬਰ ਮਹੀਨੇ ’ਚ ਬਿਜਲੀ ਮੰਤਰੀ ਦੇ ਘਰ ਦਾ ਘੇਰਾਓ ਕਰਨਗੇ। ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਰੁਜ਼ਗਾਰ ਕੌਸ਼ਲ ਨਿਗਮ ਨੂੰ ਭੰਗ ਕੀਤਾ ਜਾਏ, ਕੱਚੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਏ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਏ, ਬਿਜਲੀ ਨਿਗਮ ਵਿੱਚ ਪਈਆਂ ਖਾਲ੍ਹੀ ਆਸਾਮੀਆਂ ਤੁਰੰਤ ਭਰੀਆਂ ਜਾਣ। ਇਸ ਮੌਕੇ ’ਤੇ ਸੁਖਦੇਵ ਸਿੰਘ, ਰਾਜ ਮੁਕਾਰ, ਦਿਆ ਰਾਮ, ਜਸਪਾਲ, ਬਾਬੂ ਲਾਲ, ਭੂਪ ਸਿੰਘ, ਗਿਰਧਾਰੀ ਲਾਲ, ਅਮਰ ਸਿੰਘ, ਅਮਨ ਕੰਬੋਜ, ਰਵਿੰਦਰ, ਮਦਨ ਲਾਲ, ਕਰਨ ਦੇ ਸੁਰਜੀਤ ਸਿੰਘ ਸਮੇਤ ਕਈ ਬਿਜਲੀ ਮੁਲਾਜ਼ਮ ਮੌਜੂਦ ਸਨ।