ਸਿਰਸਾ: ਨੂਹ ਤੇ ਮਨੀਪੁਰ ਫ਼ਿਰਕੂੂ ਹਿੰਸਾ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਵੱਲੋਂ ਧਰਨਾ
ਪ੍ਰਭੂ ਦਿਆਲ
ਸਿਰਸਾ, 11 ਅਗਸਤ
ਨੂਹ ਤੇ ਮਨੀਪੁਰ ’ਚ ਫ਼ਿਰਕੂ ਹਿੰਸਾ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨ ਜਥੇਬੰਦੀਆਂ ਨੇ ਇਥੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਤੇ ਸ਼ਾਂਤੀ ਬਹਾਲੀ ਤੇ ਮਾਮਲਿਆਂ ਦੀ ਨਿਆਂਇਕ ਜਾਂਚ ਦੀ ਮੰਗ ਕਰਦਿਆਂ ਰਾਜਪਾਲ ਦੇ ਨਾਂ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਧਰਨਾਕਾਰੀਆਂ ਨੇ ਹਰਿਆਣਾ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਦੀ ਅਗਵਾਈ ਉੱਘੇ ਕਿਸਾਨ ਆਗੂ ਸੁਵਰਨ ਸਿੰਘ ਵਿਰਕ ਨੇ ਕੀਤੀ।
ਮਿੰਨੀ ਸਕੱਤਰੇਤ ਦੇ ਬਾਹਰ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੁਵਰਨ ਸਿੰਘ ਵਿਰਕ ਨੇ ਕਿਹਾ ਮਨੀਪੁਰ ਤੇ ਨੂਹ ’ਚ ਭਾਜਪਾ ਦੇ ਡਬਲ ਇੰਜਣ ਵਾਲੀਆਂ ਸਰਕਾਰ ਫ਼ਿਰਕੂ ਹਿੰਸਾ ਨੂੰ ਰੋਕਣ ’ਚ ਫੇਲ੍ਹ ਰਹੀਆਂ ਹਨ। ਮੇਵਾਤ ਵਿੱਚ ਇਕ ਫਿਰਕੇ ਦੇ ਲੋਕਾਂ ’ਤੇ ਸ਼ੱਕ ਕੀਤਾ ਜਾ ਰਿਹਾ ਹੈ। ਮੇਵਾਤ ਦੇ ਲੋਕਾਂ ਦੀ ਦੇਸ਼ ਭਗਤੀ ’ਤੇ ਸ਼ੱਕ ਕਿਉਂ? ਉਨ੍ਹਾਂ ਨੇ ਕਿਹਾ ਕਿ ਮਨੀਪੁਰ ਮੇਵਾਤ ਵਿੱਚ ਹੋਈ ਫ਼ਿਰਕੂ ਹਿੰਸਾ ਦੀ ਜਾਂਚ ਕੀਤੀ ਜਾਏ ਤੇ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਏ। ਕਿਸੇ ਵੀ ਨਿਰਦੋਸ਼ ਵਿਅਕਤੀ ਝੂਠਾ ਕੇਸ ’ਚ ਨਾ ਫਸਾਇਆ ਜਾਏ। ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਕਾਰਪੋਰੇਟ ਦੀ ਲੁੱਟ ’ਤੇ ਪਰਦਾ ਪਾਉਣ ਦੇ ਲਈ ਫੁੱਟ ਪਾਊ ਰਾਜਨੀਤਕ ਚਾਲਾਂ ਚੱਲ ਰਹੀ ਹੈ। ਇਸ ਮੌਕੇ ’ਤੇ ਸੁਖਦੇਵ ਸਿੰਘ ਜੰਮੂ, ਤਿਲਕ ਰਾਜ ਵਿਨਾਇਕ, ਪਿ੍ਰਤਪਾਲ ਸਿੰਘ ਸਿੱਧੂ, ਰਘੁਵੀਰ ਸਿੰਘ ਨਕੌੜਾ, ਗੁਰਤੇਜ ਸਿੰਘ ਬਰਾੜ, ਸੁਰਜੀਤ ਸਿੰਘ ਏਲਨਾਬਾਦ, ਬਲਰਾਜ ਸਿੰਘ ਬਣੀ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਸੰਯੁਕਤ ਕਿਸਾਨ ਮੋਰਚਾ ਜਥੇਬੰਦੀਆਂ ਨਾਲ ਜੁੜੇ ਕਿਸਾਨ ਵੱਡੀ ਗਿਣਤੀ ’ਚ ਮੌਜੂਦ ਸਨ।