ਸਿਰਸਾ: ਸਿਹਤ ਵਿਭਾਗ ਦੇ ਠੇਕਾ ਕਰਮਚਾਰੀਆਂ ਤੇ ਆਸ਼ਾ ਵਰਕਰਾਂ ਦੇ ਪ੍ਰਦਰਸ਼ਨ
ਪ੍ਰਭੂ ਦਿਆਲ
ਸਿਰਸਾ, 20 ਅਗਸਤ
ਸਿਹਤ ਵਿਭਾਗ ’ਚ ਠੇਕੇ ’ਤੇ ਲੱਗੇ ਕਰਮਚਾਰੀਆਂ ਨੇ ਵੱਖ-ਵੱਖ ਥਾਈਂ ਪੀਐੱਚਸੀ ਤੇ ਸੀਐੱਚਸੀ ਦੇ ਬਾਹਰ ਧਰਨੇ ਦਿੱਤੇ ਤੇ ਠੇਕੇਦਾਰਾਂ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ’ਤੇ ਬੈਠੇ ਠੇਕਾ ਕਰਮਚਾਰੀਆਂ ਨੂੰ ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਰਾਜੇਸ਼ ਭਾਕਰ ਤੇ ਹੋਰ ਕਰਮਚਾਰੀ ਆਗੂਆਂ ਨੇ ਸੰਬੋਧਨ ਕੀਤਾ।ਜ਼ਿਲ੍ਹਾ ਪ੍ਰਧਾਨ ਸੁਮਿਤਰ, ਰਾਜ ਕੁਮਾਰ ਗੁੱਜਰ ਤੇ ਹੋਰ ਆਗੂਆਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸ਼ਹਿ ’ਤੇ ਠੇਕੇਦਾਰ ਲਗਾਤਾਰ ਕਰਮਚਾਰੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਕੁਝ ਦਿਨ ਪਹਿਲਾਂ ਠੇਕੇਦਾਰਾਂ ਤੇ ਕਰਮਚਾਰੀਆਂ ਵਿਚਾਲੇ ਲਿਖਤੀ ਸਮਝੌਤਾ ਹੋਇਆ ਸੀ ਕਿ ਬਿਨਾਂ ਕਾਰਨ ਕਿਸੇ ਕਰਮਚਾਰੀ ਨੂੰ ਨਹੀਂ ਹਟਾਇਆ ਜਾਵੇਗਾ ਪਰ ਠੇਕੇਦਾਰ ਆਪਣੇ ਹੀ ਕਿਸੇ ਇਸ ਸਮਝੋਤੇ ਨੂੰ ਤੋੜ ਰਹੇ ਹਨ। ਸਰਵ ਕਰਮਚਾਰੀ ਸੰਘ ਨਾਲ ਸਬੰਧਤ ਭਗਵੰਤ ਸ਼ਰਮਾ, ਸਿਹਤ ਵਿਭਾਗ ਵੱਲੋਂ ਭੀਮ ਸੋਨੀ, ਸੰਦੀਪ ਮਾਧੋਸਿੰਘਾਣਾ, ਆਸ਼ਾ ਵਰਕਰ ਯੂਨੀਆਂ ਵੱਲੋਂ ਕੈਲਾਸ਼, ਕਰਨੈਲ, ਬਿਜਲੀ ਯੂਨੀਅਨ, ਫਾਇਰ ਬ੍ਰਿਗੇਡ ਯੂਨੀਆਂ, ਪਬਲਿਕ ਹੈਲਥ, ਅਧਿਆਪਕ ਸੰਘ ਤੇ ਆਂਗਨਵਾੜੀ ਵਰਕਰ ਯੂਨੀਆਂ ਦੇ ਪ੍ਰਤੀਨਿਧੀਆਂ ਨੇ ਵੀ ਠੇਕਾ ਕਰਮਚਾਰੀਆਂ ਦੀ ਹਮਾਇਤ ਕੀਤੀ।
ਆਸ਼ਾ ਵਰਕਰਾਂ ਦਾ ਸੰਘਰਸ਼ ਜਾਰੀ: ਆਪਣੀਆਂ ਮੰਗਾਂ ਲਈ ਸੱਤ ਅਗਸਤ ਤੋਂ ਆਸ਼ਾ ਵਰਕਰਾਂ ਦੀ ਹੜਤਾਲ ਜਾਰੀ ਹੈ। ਸਰਵ ਕਰਮਚਾਰੀ ਸੰਘ ਨੇ ਆਸ਼ਾ ਵਰਕਰਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਆਸ਼ਾ ਵਰਕਰਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਆਸ਼ਾ ਵਰਕਰਾਂ ਨੇ ਅੱਜ ਮੀਂਹ ਵਿੱਚ ਵੀ ਆਪਣਾ ਸੰਘਰਸ਼ ਜਾਰੀ ਰੱਖਿਆ। ਇਸ ਮੌਕੇ ’ਤੇ ਆਸ਼ਾ ਵਰਕਰ ਯੂਨੀਆਂ ਦੀ ਜ਼ਿਲ੍ਹਾ ਪ੍ਰਧਾਨ ਕਲਾਵਤੀ, ਸਕੱਤਰ ਸਿਲੋਚਨਾ, ਕਰਮਚਾਰੀ ਨੇਤਾ ਕ੍ਰਿਪਾ ਸ਼ੰਕਰ ਤ੍ਰਿਪਾਠੀ, ਪਿੰਕੀ, ਸਜਨਾ, ਸੁਮਨ, ਪਾਇਲ, ਬਬੀਤਾ, ਸੁਮਨ ਅਤੇ ਸੀਮਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ।