ਸਿਰਸਾ: ਭਵਨ ਨਿਰਮਾਣ ਮਜ਼ਦੂਰਾਂ ਤੇ ਰਾਜ ਮਿਸਤਰੀਆਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ
ਪ੍ਰਭੂ ਦਿਆਲ
ਸਿਰਸਾ, 27 ਜੂਨ
ਸੰਯੁਕਤ ਭਵਨ ਨਿਰਮਾਣ ਯੂਨੀਅਨ ਦੇ ਬੈਨਰ ਹੇਠ ਮਜ਼ਦੂਰਾਂ ਤੇ ਰਾਜ ਮਿਸਤਰੀਆਂ ਨੇ ਆਪਣੀਆਂ ਮੰਗਾਂ ਲਈ ਇਥੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੰਗਾਂ ਦੀ ਪੂਰਤੀ ਲਈ ਧਰਨਾਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਨਾਂ ਆਪਣਾ ਮੰਗ ਪੱਤਰ ਦਿੱਤਾ। ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦੇ ਰਹੇ ਭਵਨ ਨਿਰਮਾਣ ਯੂਨੀਅਨ ਦੇ ਆਗੂ ਵਿਜੈਪਾਲ, ਬਲਕਾਰ ਸਿੰਘ ਤੇ ਹੰਸ ਰਾਜਨੇ ਕਿਹਾ ਕਿ ਹਰਿਆਣਾ ਸਰਕਾਰ ਭਵਨ ਨਿਰਮਾਣ ਮਜ਼ਦੂਰਾਂ ਨੂੰ ਅਣਗੌਲਿਆਂ ਕਰ ਰਹੀ ਹੈ। ਸਾਲ ‘ਚ 90 ਦਿਨ ਕੰਮ ਕਰਨ ਵਾਲਾ ਮਜ਼ਦੂਰ ਬੋਰਡ ਵੱਲੋਂ ਆਪਣਾ ਨਾਂ ਰਜਿਸਟਰਡ ਕਰਵਾ ਸਕਦਾ ਹੈ ਪਰ ਹਰਿਆਣਾ ਸਰਕਾਰ ਨੇ ਪਰਿਵਾਰ ਪਛਾਣ ਪੱਤਰ ਦੀ ਬੇਲੋੜੀ ਸ਼ਰਤ ਲਾਈ ਹੋਈ ਹੈ। ਬਹੁਤ ਸਾਰੇ ਭਵਨ ਨਿਰਮਾਣ ਮਜ਼ਦੂਰ ਹਰਿਆਣਾ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਕੰਮ ਕਰਨ ਲਈ ਆਉਂਦੇ ਹਨ, ਜੋ ਪਰਿਵਾਰ ਪਛਾਣ ਪੱਤਰ ਨਾ ਹੋਣ ਕਾਰਨ ਆਪਣਾ ਨਾਂ ਬੋਰਡ ਕੋਲ ਰਜਿਸਟਰਡ ਨਹੀਂ ਕਰਵਾ ਸਕਦੇ। ਹਰਿਆਣਾ ਤੋਂ ਇਲਾਵਾ ਕਿਸੇ ਵੀ ਸੂਬੇ ਵਿੱਚ ਪਰਿਵਾਰ ਪਛਾਣ ਪੱਤਰ ਨਹੀਂ ਹੈ। ਹਰਿਆਣਾ ਸਰਕਾਰ ਵੀ ਪਰਿਵਾਰ ਪਛਾਣ ਪੱਤਰ ਦਾ ਝੰਜਟ ਖ਼ਤਮ ਕਰੇ। ਮੰਗਾਂ ਪੂਰੀਆਂ ਨਾ ਹੋਣ ‘ਤੇ ਮਜ਼ਦੂਰਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਮਜ਼ਦੂਰ ਮੌਜੂਦ ਸਨ।